ਅੰਮ੍ਰਿਤਸਰ:ਮਕਬੂਲਪੁਰਾ ਇਲਾਕੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਇਕ ਨੌਜਵਾਨ ਉੱਤੇ ਹਮਲਾ (Attack on boy in Maqbool Pura) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬੁਰੀ ਤਰ੍ਹਾਂ ਜਖ਼ਮੀ ਹੋਇਆ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਵੱਲੋਂ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਘਰੋਂ ਦਵਾਈ ਲੈਣ ਲਈ ਨਿਕਲਿਆ ਸੀ ਨੌਜਵਾਨ:ਜਖ਼ਮੀ ਨੌਜਵਾਨ ਦੀ ਮਾਂ ਜਸਬੀਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਘਰੋਂ ਦਵਾਈ ਲੈਣ ਲਈ ਗਿਆ ਸੀ ਤੇ ਉਸ ਉੱਪਰ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ 20 ਤੋਂ 25 ਦੇ ਕਰੀਬ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਹੈ। ਜਖਮੀ ਨੌਜਵਾਨ ਰਮਨਦੀਪ ਸਿੰਘ ਦੀ ਉਮਰ 16 ਸਾਲ ਦੇ ਕਰੀਬ ਹੈ। ਮਾਂ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ, ਉਹ ਸਕੂਲ ਤੋਂ ਆ ਕੇ ਦੁਕਾਨ ਉੱਤੇ ਕੰਮ ਕਰਦਾ ਹੈ, ਉੱਥੇ ਚਲਾ ਜਾਂਦਾ ਹੈ। ਉੱਥੇ ਹੀ, ਜਖਮੀ ਨੌਜਵਾਨ ਦੇ ਚਾਚਾ ਨੇ ਕਿਹਾ ਕਿ ਜਖਮੀ ਰਮਨ ਨੂੰ ਗੁਰੂ ਨਾਨਕ ਹਸਪਤਾਲ ਵਿੱਚ ਲੈ ਜਾਇਆ ਜਾ ਰਿਹਾ ਹੈ, ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ।