BKU gatherings: ਬੀਕੇਯੂ ਉਗਰਾਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ 'ਚ ਦਿੱਤਾ ਧਰਨਾ, ਕਿਹਾ- ਸਜ਼ਾਵਾਂ ਪੂਰੀਆਂ ਕਰ ਚੁੱਕੇ ਲੋਕਾਂ ਨੂੰ ਜੇਲ੍ਹਾਂ 'ਚ ਰੱਖਣਾ ਗੈਰ ਸੰਵਿਧਾਨਿਕ ਅੰਮ੍ਰਿਤਸਰ: ਜ਼ਿਲ੍ਹੇ ਦੇ ਡੀਸੀ ਦਫ਼ਤਰ ਅੱਗੇ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੋਕਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਰਿਹਾਈ ਨਹੀਂ ਹੋ ਰਹੀ ਜੋ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਫੌਰਨ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਇੱਕ ਵੱਡੇ ਲੋਕ ਤੰਤਰ ਵਾਲਾ ਦੇਸ਼ ਮੰਨਿਆ ਜਾਂਦਾ ਹੈ ਅਤੇ ਇਸ ਲੋਕਤੰਤਰੀ ਦੇਸ਼ ਵਿੱਚ ਸ਼ਰੇਆਮ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਮਨੁੱਖੀ ਅਧਿਕਾਰਾਂ ਦਾ ਘਾਣ: ਕਿਸਾਨ ਆਗੂਆਂ ਨੇ ਕਿਹਾ ਕਿ ਕੇਵਲ ਬੰਦੀ ਸਿੰਘ ਹੀ ਨਹੀਂ ਬਲਕਿ ਬੰਦੀ ਸਿੰਘਾਂ ਦੇ ਨਾਲ ਕਈ ਹੋਰ ਜਾਤਾਂ ਅਤੇ ਧਰਮਾਂ ਦੇ ਕੈਦੀ ਹਨ ਜੋ ਕਿ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਪਰ ਫੇਰ ਵੀ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਜੋ ਕਿ ਸਿੱਧੇ ਤੌਰ ਉੱਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਨੂੰ ਅਪੀਲ ਕੀਤੀ ਕਿ ਅਜਿਹੇ ਸਾਰੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਅਤੇ ਉਹ ਹੁਣ ਵੀ ਜੇਲ੍ਹਾਂ ਵਿੱਚ ਸੰਤਾਪ ਭੋਗ ਰਹੇ ਹਨ।
ਗੈਰ ਸੰਵਿਧਾਨਕ: ਉਨ੍ਹਾਂ ਕਿਹਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਕਰੇ ਕਿਉਂਕਿ ਜਦੋਂ ਕੋਈ ਵਿਅਕਤੀ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਰੱਖਣਾ ਗੈਰ ਸੰਵਿਧਾਨਕ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਖੇਤੀਬਾੜੀ ਬਿੱਲ ਰੱਦ ਕਰਵਾਏ ਗਏ ਸਨ ਉਸੇ ਤਰ੍ਹਾਂ ਹੀ ਹੁਣ ਉਨ੍ਹਾਂ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਵਿੱਢਿਆ ਜਾਵੇਗਾ ਅਤੇ ਸਰਕਾਰ ਨੂੰ ਹਰ ਹਾਲਤ ਵਿੱਚ ਉਹਨਾਂ ਕੈਦੀਆਂ ਨੂੰ ਰਿਹਾ ਕਰਨਾ ਪਵੇਗਾ।
ਇਹ ਵੀ ਪੜ੍ਹੋ:Bharti Kisan Union Ekta Ugrahan: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ
ਮੁਹਾਲੀ 'ਚ ਮੋਰਚਾ: ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਮੁਹਾਲੀ ਵਿੱਚ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ, ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਦਾ ਮਾਮਲਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸ਼ਾਮਿਲ ਹੈ, ਪਰ ਪਿਛਲੇ ਦਿਨੀਂ ਪਰੋਲ ਉੱਤੇ ਆਏ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਦਾ ਇਹ ਕਹਿਣਾ ਸੀ ਕਿ ਮੋਰਚੇ ਵਿੱਚ ਕੇਵਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਣੀ ਚਾਹੀਦੀ ਹੈ, ਪਰ ਨਾਲ ਹੀ ਇਸ ਮੋਰਚੇ ਵਿਚ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਕੋਈ ਥਾਂ ਨਹੀਂ ਦੇਣਾ ਚਾਹੀਦਾ ਤਾਂ ਹੀ ਇਸ ਮੋਰਚੇ ਦੀ ਕਾਮਯਾਬੀ ਹੋ ਸਕੇਗੀ।