ਪਰਿਵਾਰਕ ਮੈਂਬਰ ਤੇ ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ:ਪੰਜਾਬ ਵਿੱਚ ਇੰਨੀ ਦਿਨੀ ਹਾਲਾਤ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਹਨ। ਆਏ ਦਿਨ ਹੀ ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਿਸ ਨਾਲ ਕਿ ਪੰਜਾਬ ਦੇ ਲੋਕ ਦਹਿਸ਼ਤ ਦੇ ਮਾਹੌਲ ਵਿੱਚ ਜੀ ਰਹੇ ਹਨ ਅਤੇ ਲੁਟੇਰਿਆਂ ਦੇ ਮਨ ਵਿੱਚ ਪੁਲਿਸ ਦਾ ਜਰਾ ਵੀ ਖੌਫ਼ ਦਿਖਾਈ ਨਹੀਂ ਦੇ ਰਿਹਾ। ਹੁਣ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਅੰਮ੍ਰਿਤਸਰ ਦੇ ਖ਼ਾਨਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਦੇਰ ਰਾਤ ਇੱਕ ਥਾਣੇਦਾਰ ਦਾ ਹੀ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਜੰਡਿਆਲਾ ਗੁਰੂ ਅਧੀਨ ਨਵਾਂ ਪਿੰਡ ਚੌਂਕੀ ਵਿੱਚ ਤੈਨਾਤ ਏਐਸਆਈ ਸਰੂਪ ਸਿੰਘ ਦਾ ਦੇਰ ਰਾਤ ਕਤਲ ਕਰ ਦਿੱਤਾ।
ਡਿਊਟੀ 'ਤੇ ਜਾ ਰਹੇ ASI ਦਾ ਕਤਲ:ਜਿਸ ਸਬੰਧੀ ਪਤਾ ਲੱਗਾ ਹੈ ਕਿ ਪੁਲਿਸ ਅਧਿਕਾਰੀ ਦੇਰ ਰਾਤ ਆਪਣੇ ਘਰ ਤੋਂ ਡਿਊਟੀ ਜਾ ਰਿਹਾ ਸੀ, ਜਿਸ ਦਾ ਕਿ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਵਿੱਚ ਹੁਣ ਮੌਕੇ 'ਤੇ ਪੁਲਿਸ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਲਾਸ਼ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ, ਹਾਲਾਂਕਿ ਕਤਲ ਕਿਸ ਨੇ 'ਤੇ ਕਿਉਂ ਕੀਤਾ ਇਹ ਕਹਾਣੀ ਭੇਤ ਬਣੀ ਹੋਈ ਹੈ। ਇਸ ਨੂੰ ਲੈਕੇ ਜਿਥੇ ਪਰਿਵਾਰ 'ਚ ਮਾਤਮ ਦਾ ਮਾਹੌਲ ਹੈ ਤਾਂ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।
ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ: ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਏਐਸਆਈ ਸਰੂਪ ਸਿੰਘ ਰਾਤ ਵੇਲੇ ਮਿਸਲ ਲੈ ਕੇ ਥਾਣੇ ਜਾ ਰਿਹਾ ਸੀ, ਜਿਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸਾਰੀ ਰਾਤ ਹੀ ਉਸਦੀ ਲਾਸ਼ ਵਾਰਦਾਤ ਵਾਲੀ ਥਾਂ 'ਤੇ ਪਈ ਰਹੀ। ਜਿਸ ਤੋਂ ਬਾਅਦ ਸਵੇਰੇ ਕਿਸੇ ਅਧਿਆਪਕ ਨੇ ਉਹ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਏਐਸਆਈ ਸਰੂਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ।
ਪੁਲਿਸ ਨੇ ਆਖੀ ਜਾਂਚ ਦੀ ਗੱਲ:ਉਧਰ ਮੌਕੇ 'ਤੇ ਪੁੱਜੇ ਡੀਐਸਪੀ ਸੁੱਚਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂ ਪਿੰਡ ਚੌਂਕੀ ਵਿੱਚ ਸਾਡੇ ਏਐਸਆਈ ਤੈਨਾਤ ਸਰੂਪ ਸਿੰਘ ਆਪਣੇ ਘਰੋਂ ਰਾਤ ਸਾਢੇ ਅੱਠ ਵਜੇ ਦੇ ਕਰੀਬ ਕੇਸ ਦੀ ਫਾਈਲ ਦੇਣ ਲਈ ਜਾ ਰਹੇ ਸੀ ਤਾਂ ਇਸ ਦੌਰਾਨ ਉਸ ਦਾ ਰਸਤੇ ਵਿੱਚ ਕਤਲ ਹੋ ਗਿਆ ਤੇ ਉਸਦੀ ਲਾਸ਼ ਖਾਨਕੋਟ ਪਿੰਡ ਦੇ ਨਜ਼ਦੀਕ ਸੂਏ ਦੇ ਕੋਲੋਂ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਹ ਕਤਲ ਕਿਉਂ ਕੀਤਾ ਗਿਆ ਹੈ।
ਅਕਾਲੀ ਦਲ ਨੇ ਚੁੱਕੇ ਸਰਕਾਰ 'ਤੇ ਸਵਾਲ: ਇਸ ਕਤਲ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲ ਖੜੇ ਕੀਤੇ ਹਨ। ਜਿਸ 'ਚ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ, 'ਆਹ ਵੇਖੋ ਲਵੋ ਪੰਜਾਬ ਦੇ ਹਾਲਾਤ...ਜੰਡਿਆਲਾ ਗੁਰੂ ਪੁਲਿਸ ਥਾਣੇ ਵਿਚ ਤਾਇਨਾਤ ਏ ਐਸ ਆਈ ਸਰੂਪ ਸਿੰਘ ਨੂੰ ਅੱਜ ਸਵੇਰੇ ਖਾਨਕੋਟ ਸੂਆ ਵਿਖੇ ਅਣਪਛਾਤੇ ਹਮਲਾਵਰਾਂ ਨੇ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਡਿਊਟੀ ਤਹਿਤ ਮਿਸਲ ਲੈ ਕੇ ਹਾਈ ਕੋਰਟ ਜਾ ਰਿਹਾ ਸੀ....ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਪੀ ਏ ਪੀ ਗਰਾਉਂਡ ਜਲੰਧਰ, ਫਿਰ ਪੀ ਏ ਯੂ ਲੁਧਿਆਣਾ ਤੇ ਬੀਤੇ ਕੱਲ੍ਹ ਲੁਧਿਆਣਾ ਵਿਚ ਇਵੈਂਟ ਰੱਖ ਕੇ ਆਪਣੀ ਵਾਹੋ ਵਾਹ ਖੱਟਣ ’ਤੇ ਜ਼ੋਰ ਲਗਾਇਆ ਹੋਇਆ ਹੈ ਜਦੋਂ ਕਿ ਪੰਜਾਬ ਵਿਚ ਕਤਲ, ਫਿਰੌਤੀਆਂ, ਡਕੈਤੀਆਂ ਤੇ ਦਿਨ ਦਿਹਾੜੇ ਲੁੱਟਮਾਰ ਨਿੱਤ ਦਿਹਾੜੇ ਦਾ ਕੰਮ ਬਣਿਆ ਹੋਇਆ ਹੈ...ਪੰਜਾਬ ਦਾ ਹੁਣ ਰੱਬ ਹੀ ਰਾਖਾ ਹੈ..ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ।'