ਪੀਟੀਆਈ ਬੇਰੁਜ਼ਗਾਰ ਸਵਾਲ ਚੁੱਕਦੇ ਹੋਏ ਅੰਮ੍ਰਿਤਸਰ (Arvind Kejriwal Punjab Visit Updates) : ਪੰਜਾਬ ਦੀ ਮੌਜੂਦਾ ਸਰਕਾਰ ਦਿੱਲੀ ਦਾ ਸਿੱਖਿਆ ਮਾਡਲ ਪੰਜਾਬ 'ਚ ਲਾਗੂ ਕਰਨ ਦੀ ਗੱਲ ਕਰਦਿਆਂ ਸੱਤਾ 'ਚ ਆਈ ਸੀ, ਜਿਸ ਦੇ ਚੱਲਦੇ ਸੂਬੇ 'ਚ ਸਕੂਲ ਆੱਫ ਐਮੀਨੈਂਸ ਵੀ ਖੋਲ੍ਹੇ ਜਾ ਰਹੇ ਹਨ। ਜਿਸ ਦਾ ਕਿ ਅੰਮ੍ਰਿਤਸਰ 'ਚ ਉਦਘਾਟਨ ਕਰਨ ਲਈ 'ਆਪ' ਸੁਪਰੀਮੋ ਅਰਵਿੰਦਰ ਕੇਜਰੀਵਾਲ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਕੈਬਨਿਟ ਮੰਤਰੀ ਤੇ ਵਿਧਾਇਕ ਵੀ ਮੌਜੂਦ ਹਨ। ਇਸ ਦੌਰਾਨ ਪੰਜਾਬ ਦੀ ਸਰਕਾਰ ਨੂੰ ਸੁਪਰੀਮੋ ਦੀ ਪੰਜਾਬ ਫੇਰੀ ਦੌਰਾਨ ਵਿਰੋਧ ਦਾ ਡਰ ਸਤਾਉਣ ਲੱਗਾ ਹੈ। ਜਿਸ ਦੇ ਚੱਲਦੇ ਕਈ ਬੇਰੁਜ਼ਗਾਰਾਂ ਅਤੇ ਸਿਆਸੀ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕੁਝ ਨੂੰ ਨਜ਼ਰਬੰਦ ਕੀਤਾ ਹੈ।
ਬੇਰੁਜ਼ਗਾਰ ਪੀਟੀਆਈ ਅਧਿਆਪਕ ਗ੍ਰਿਫ਼ਤਾਰ:ਇਸ ਦੌਰਾਨ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੇ ਆਗੂਆਂ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਜਾਣੀ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਅਜੇ ਵੀ ਕੁਝ ਆਗੂ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹਨ ਜੋ ਕਿ ਭਗਵੰਤ ਸਿੰਘ ਮਾਨ ਦੀ ਰੈਲੀ ਵਿੱਚ ਜਾ ਕੇ ਆਪਣਾ ਵਿਰੋਧ ਜ਼ਰੂਰ ਜਤਾਉਣਗੇ।
ਕੇਜਰੀਵਾਲ ਵਲੋਂ ਭੈਣ ਬਣਾਈ ਸਿੱਪੀ ਸ਼ਰਮਾ ਨਜ਼ਰਬੰਦ:ਪ੍ਰੋਗਰਾਮ ਵਿੱਚ ਵਿਘਨ ਪੈਣ ਦੇ ਡਰੋਂ ਪੰਜਾਬ ਪੁਲਿਸ ਵਲੋਂ ਕਾਬੂ ਕੀਤੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂਆਂ 'ਚ ਪ੍ਰਧਾਨ ਗੁਰਲਾਭ ਸਿੰਘ ਅਤੇ ਸਿੱਪੀ ਸ਼ਰਮਾ ਸ਼ਾਮਲ ਹਨ। ਸਿੱਪੀ ਸ਼ਰਮਾ ਉਹੀ ਕੁੜੀ ਹੈ ਜਿਸ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਹਾਲੀ ਧਰਨੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਪਣੀ ਭੈਣ ਬਣਾਇਆ ਸੀ। ਪੰਜਾਬ 'ਚ ਸਰਕਾਰ ਬਣਨ ਉੱਤੇ ਉਨ੍ਹਾਂ ਦੀ ਭਰਤੀ ਦਾ ਭਰੋਸਾ ਦਿੱਤਾ ਸੀ ਪਰ ਹੁਣ ਆਮ ਆਦਮੀ ਪਾਰਟੀ ਆਪਣੇ ਵਾਅਦੇ ਤੋਂ ਪਿੱਛੇ ਹਟਦੀ ਜਾਪ ਰਹੀ ਹੈ।
ਬਿਕਰਮ ਮਜੀਠੀਆ ਨੇ ਚੁੱਕੇ ਸਵਾਲ:ਸਿੱਪੀ ਸ਼ਰਮਾ ਦੀ ਨਜ਼ਰਬੰਦੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਦੇ ਨਿਸ਼ਾਨੇ 'ਤੇ ਆ ਗਏ ਹਨ। ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਵਿਅੰਗ ਕਰਦਿਆਂ ਕਿਹਾ- ਮੈਂ ਤੁਹਾਨੂੰ ਯਾਦ ਕਰਵਾ ਰਿਹਾ ਹਾਂ, ਸਿੱਪੀ ਸ਼ਰਮਾ ਉਹੀ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਮੈਂਬਰ ਹਨ, ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ 2021 'ਚ ਆਪਣੀ ਭੈਣ ਬਣਾ ਲਿਆ ਸੀ। ਸਿੱਪੀ ਸ਼ਰਮਾ ਨੇ ਆਪਣੀ ਤਸਵੀਰ ਜਾਰੀ ਕਰਕੇ ਮੰਗ ਕੀਤੀ ਹੈ ਕਿ ਅੱਜ ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਉਸ ਨੂੰ ਮਿਲਣਾਂ ਤਾਂ ਦੂਰ ਸਗੋਂ ਉਸ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਭਾਜਪਾ ਆਗੂ ਵੀ ਕੀਤਾ ਗ੍ਰਿਫ਼ਤਾਰ:ਇਸ ਦੌਰਾਨ ਜਿਥੇ ਪੁਲਿਸ ਵਲੋਂ ਬੇਰੁਜ਼ਗਾਰਾਂ ਨੂੰ ਗ੍ਰਿਫ਼ਤਾਰ ਤੇ ਨਜ਼ਰਬੰਦ ਕੀਤਾ ਤਾਂ ਉਥੇ ਹੀ ਛੇਹਰਟਾ ਇਲਾਕੇ ਵਿੱਚੋਂ ਭਾਜਪਾ ਆਗੂ ਰਮਨ ਕੁਮਾਰ ਛੇਹਰਟਾ ਨੂੰ ਉਸਦੇ ਘਰ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਕਿ ਪੁਲਿਸ ਅਧਿਕਾਰੀ ਉਸ ਦੇ ਘਰ 'ਚ ਦਾਖ਼ਲ ਹੁੰਦੇ ਹਨ ਅਤੇ ਫਿਰ ਕੁਝ ਸਮਾਂ ਬੈਠਣ ਤੋਂ ਬਾਅਦ ਉਸ ਨੂੰ ਆਪਣੇ ਨਾਲ ਲੈ ਜਾਂਦੇ ਹਨ। ਦੱਸਿਆ ਜਾ ਰਿਹਾ ਕਿ ਭਾਜਪਾ ਆਗੂ ਵਲੋਂ ਅੱਜ ਪੰਜਾਬ ਸਰਕਾਰ ਖਿਲਾਫ਼ ਆਪਣਾ ਪ੍ਰਦਰਸ਼ਨ ਕੀਤਾ ਜਾਣਾ ਸੀ।