ਅੰਮ੍ਰਿਤਸਰ: ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਇੱਕ ਪੱਤਰ ਦੇ ਕੇ ਅਪੀਲ ਕੀਤੀ ਕਿ ਯੂਏਪੀਏ ਕਾਨੂੰਨ ਤਹਿਤ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਸ਼੍ਰੋਮਣੀ ਕਮੇਟੀ ਨੂੰ ਕਰਨ ਲਈ ਆਖਿਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਨੌਜਵਾਨਾਂ ਨੂੰ ਨਾਜਾਇਜ਼ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਿਸ ਆਪਣੀ ਸਾਖ਼ ਬਚਾਉਣ ਲਈ ਅਜਿਹਾ ਕਰ ਰਹੀ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦਿਹਾੜੀਦਾਰ ਨੌਜਵਾਨ ਜੋ ਮਾਸੂਮ ਹੋਣ ਕਰਕੇ ਆਵਾਜ਼ ਨਹੀਂ ਚੁੱਕ ਸਕਦੇ, ਵਕੀਲ ਨਹੀਂ ਕਰ ਸਕਦੇ। ਉਨ੍ਹਾਂ ਨੂੰ ਜਾਣ ਬੁੱਝ ਕੇ ਪੁਲਿਸ ਸਾਜਿਸ਼ ਤਹਿਤ ਫ਼ਸਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਭੁਲੱਥ ਹਲਕੇ ਦੇ ਇੱਕ ਨੌਜਵਾਨ ਨੂੰ ਐੱਸਜੇਐੱਫ ਦੇ ਇੱਕ ਕਾਰਕੁਨ ਨੂੰ ਸਿਰੋਪਾਓ ਦੇਣ ਦੇ ਬਦਲੇ ਯੂਏਪੀਏ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਯੂਰੋ ਕਰੰਸੀ ਬਾਹਰਲੇ ਦੇਸ਼ ਤੋਂ ਆਈ ਹੈ, ਜੋ 15 ਹਜ਼ਾਰ ਬਣਦੀ ਹੈ, ਖਹਿਰਾ ਨੇ ਕਿਹਾ ਕਿ 15 ਹਜ਼ਾਰ ਪੈਸੇ ਆਉਣ ਨਾਲ ਦੇਸ਼ ਦੇ ਟੁਕੜੇ ਕਿਵੇਂ ਹੋ ਸਕਦੇ ਹਨ ? ਉਨ੍ਹਾਂ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ 'ਤੇ ਸਵਾਲ ਕਰਦਿਆਂ ਕਿਹਾ ਕਿ ਦਿਨਕਰ ਗੁਪਤਾ ਦੀ ਨੀਅਤ ਵਿੱਚ ਖੋਟ ਹੈ ਕਿਉਂਕਿ ਉਨ੍ਹਾਂ ਪਹਿਲਾਂ ਵੀ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ 'ਤੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਗਰਦਾਨਿਆ ਸੀ।