ਅੰਮ੍ਰਿਤਸਰ :ਅੰਮ੍ਰਿਤਸਰ ਵਿੱਚ ਅੱਜ ਇੱਕ ਭਾਰਤੀ ਨਾਗਰਿਕ ਦੀ ਪਾਕਿਸਤਨ ਦੇ ਵਿੱਚ ਇਲਾਜ਼ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਹ ਕਿਹਾ ਜਾ ਰਿਹਾ ਹੈ ਕਿ ਇਹ ਭਾਰਤੀ ਨਾਗਰਿਕ ਦਾ ਨਾਂ ਵਿਪਨ ਕੁਮਾਰ ਹੈ ਅਤੇ ਪਿਛਲੇ 9 ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸੀ। ਜੇਲ੍ਹ ਵਿੱਚ ਹੀ ਇਹ ਸਜ਼ਾ ਦੌਰਾਨ ਬਿਮਾਰ ਹੋ ਗਿਆ ਸੀ। ਇਸਨੂੰ ਇਲਾਜ਼ ਲਈ ਲਾਹੌਰ ਦੇ ਹਸਪਤਾਲ਼ ਵਿੱਚ ਦਾਖਿਲ ਕਰਵਾਇਆ ਗਿਆ, ਜਿੱਥੇ ਇਸਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਇਸਦੀ ਮੌਤ ਪਿਛਲੇ ਮਹਿਨੇ ਦੀ 4 ਅਪ੍ਰੈਲ ਨੂੰ ਹੋਈ ਸੀ, ਜਿਸਦੀ ਅੱਜ ਮ੍ਰਿਤਕ ਦੇਹ ਭਾਰਤ ਭੇਜੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਵਿਪਨ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਹ ਅੱਜ ਤੋਂ 9 ਸਾਲ ਪਹਿਲਾਂ ਘਰੋਂ ਬਾਹਰ ਚਲਾ ਗਿਆ ਸੀ। ਇਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਅਸੀਂ ਇਸਦੀ ਬਹੁਤ ਤਲਾਸ਼ ਕੀਤੀ ਪਰ ਇਸਦਾ ਕੋਈ ਵੀ ਪਤਾ ਨਹੀਂ ਲੱਗਿਆ। ਸਾਨੂੰ ਮਹੀਨਾ ਪਹਿਲਾਂ ਪਾਕਿਸਤਨ ਤੋਂ ਫੋਨ ਆਈਆ ਸੀ ਅਤੇ ਫਿਰ ਉਨ੍ਹਾਂ ਵੱਲੋਂ ਸਾਨੂੰ ਇਸਦੀ ਫੋਟੋ ਭੇਜੀ ਗਈ। ਫ਼ਿਰ ਸਾਨੂੰ ਯਕੀਨ ਹੋਇਆ ਕਿ ਇਹ ਪਾਕਿਸਤਨ ਵਿੱਚ ਹੈ। ਅੱਜ ਇਸਦੀ ਮ੍ਰਿਤਕ ਦੇਹ ਭਾਰਤ ਪੁੱਜੀ ਹੈ ਅਤੇ ਅਸੀਂ ਉਸ ਨੂੰ ਲੈਣ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਇਸਦਾ ਵਿਆਹ ਨਹੀਂ ਹੋਇਆ ਸੀ।