ਅੰਮ੍ਰਿਤਸਰ:ਅੰਮ੍ਰਿਤਸਰ 'ਚ ਏਡਜ਼ ਵਰਗੀ ਭਿਆਨਕ ਮਹਾਂਮਾਰੀ ਤੋਂ ਜਾਗਰੂਕ ਕਰਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਡਾਇਰੈਕਟੋਰੇਟ ਆਫ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਵਿਖੇ ਸੈਮੀਨਾਰ ਅਤੇ ਸਕਿੱਟ ਮੁਕਾਬਲਾ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵੱਜੋਂ ਮੇਜਰ,ਡਾ.ਵਰੁਣ ਕੁਮਾਰ, ਪੀ.ਸੀ.ਐੱਸ.ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਯੋਗੇਸ਼ ਕੁਮਾਰ ਸ਼ਰਮਾ ਸਹਾਇਕ ਪਬਲਿਕ ਰਿਲੇਸ਼ਨ ਅਫਸਰ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।
ਮਹਾਂਮਾਰੀਆਂ ਸੰਬੰਧੀ ਵੀ ਜਾਗਰੂਕਤਾ :ਕਾਲਜ ਆਏ ਮਹਿਮਾਨਾਂ ਨੂੰ ਆਇਆਂ ਆਖਦਿਆਂ ਕਾਲਜ ਪ੍ਰਿੰਸੀਪਲ ਡਾ.ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਸਮੀ ਵਿੱਦਿਆ ਦੇਣ ਦੇ ਨਾਲ ਨਾਲ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਮਹਾਂਮਾਰੀਆਂ ਸੰਬੰਧੀ ਵੀ ਜਾਗਰੂਕ ਕਰਦਾ ਹੈ। ਉਹਨਾਂ ਨੇ ਕੀਮਤੀ ਮਨੁੱਖੀ ਜੀਵਨ ਨੂੰ ਸੁਚੇਤ ਰਹਿ ਕੇ ਜਿਊਣ ਦਾ ਸੁਨੇਹਾ ਦਿੱਤਾ। ਮੁੱਖ ਮਹਿਮਾਨ ਮੇਜਰ (ਡਾ.) ਵਰੁਣ ਕੁਮਾਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਏਡਜ਼ ਵਰਗੀ ਬਿਮਾਰੀ ਤੋਂ ਬਚਣ ਲਈ ਇਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਸਾਨੂੰ ਆਪਣੀ ਝਿਜਕ ਤੋੜਨੀ ਚਾਹੀਦੀ ਹੈ। ਨੌਜਵਾਨ ਸਾਡੀ ਇੱਕ ਅਜਿਹੀ ਸ਼ਕਤੀ ਹੈ, ਜੋ ਮਹਾਂਮਾਰੀਆਂ ਦਾ ਮੂੰਹ ਮੋੜ ਸਕਦੀ ਹੈ।