ਅੰਮ੍ਰਿਤਸਰ :ਅੰਮ੍ਰਿਤਸਰ ਚੀਫ਼ ਖ਼ਾਲਸਾ ਦੀਵਾਨ ਦੀ ਮੈਂਬਰੀ ਤੋਂ ਗੈਰ-ਸੰਵਿਧਾਨਕ ਤੇ ਗੈਰ- ਕਾਨੂੰਨੀ ਢੰਗ ਨਾਲ ਬਰਖਾਸਤ ਕੀਤੇ ਗਏ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਲਜਾਮ ਲਗਾਇਆ ਹੈ ਕਿ 5 ਫ਼ਰਵਰੀ ਨੂੰ ਜਨਰਲ ਕਮੇਟੀ ਦੀ ਮੀਟਿੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਝੂਠੀਆਂ ਸੌਹਾਂ ਚੁੱਕ ਕੇ ਪਹਿਲਾਂ ਤੋਂ ਨਿਰਧਾਰਿਤ ਕੀਤੇ ਪ੍ਰੋਗਰਾਮ ਅਨੁਸਾਰ ਉਹਨਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਆਪਣਾ ਪੱਖ ਰੱਖੇ ਜਾਣ ਲਈ ਬਾਰ-ਬਾਰ ਹੱਥ ਖੜ੍ਹੇ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਅਤੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੂੰ ਅਗਲੀ ਕਾਰਵਾਈ ਕਰਨ ਲਈ ਅਧਿਕਾਰ ਦੇ ਦਿਤੇ ਗਏ ਜਿਸ ਦੇ ਚੱਲਦਿਆਂ ਪ੍ਰਧਾਨ ਨੇ ਅਗਲੇ ਦਿਨ ਆਪਣੇ ਦਸਤਖਤਾਂ ਹੇਠ ਚਿੱਠੀ ਜਾਰੀ ਕਰਕੇ ਮੈਂਬਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੀਵਾਨ ਨੂੰ ਬਦਨਾਮ ਕਰਨ ਦਾ ਝੂਠਾ ਦੋਸ਼ ਲਗਾ ਕੇ ਸੰਸਥਾ ਤੋਂ ਬਾਹਰ ਕਰ ਦਿਤਾ। ਬਿਨਾਂ ਪੱਖ ਸੁਣੇ ਅਤੇ ਬਿਨਾ ਪੜਤਾਲ ਦੇ ਇਕ ਤਰਫਾ ਕਾਰਵਾਈ ਜਿਥੇ ਕਾਨੂੰਨ ਦੇ ਮੁੱਢਲੇ ਨਿਯਮਾਂ ਦੀ ਉਲੰਘਣਾਂ ਹੈ, ਉਥੇ ਚੀਫ ਖਾਲਸਾ ਦੀਵਾਨ ਦੇ ਸੰਵਿਧਾਨ ਦੀ ਵੀ ਅਵੱਗਿਆ ਹੈ।
ਜਨਰਲ ਕਮੇਟੀ ਦੀ ਕਾਰਵਾਈ ਦੀ ਰਿਕਾਰਡਿੰਗ:ਪ੍ਰੈਸ ਨੂੰ ਸੰਬੋਧਨ ਕਰਦਿਆਂ ਪ੍ਰੋ: ਬਲਜਿੰਦਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ ਭਾਟੀਆ ਅਤੇ ਹਰਕੰਵਲ ਸਿੰਘ ਕੋਹਲੀ ਨੇ ਦਾਅਵਾ ਕੀਤਾ ਕਿ ਸਾਡੇ ਕੋਲ ਜਨਰਲ ਕਮੇਟੀ ਦੀ ਕਾਰਵਾਈ ਦੀ ਰਿਕਾਰਡਿੰਗ ਹੈ ਜਿਸ ਵਿਚ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਭਗਵੰਤ ਪਾਲ ਸਿੰਘ ਸੱਚਰ (ਮੈਂਬਰ ਦੀਵਾਨ) ਨੇ ਮਰਿਯਾਦਾ ਦੇ ਉਲਟ ਚੱਲਦਿਆਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਬਤੌਰ ਜੱਜ ਅਦਾਲਤ ਲਗਾਈ ਜੋ ਸਿੱਖ ਸਿਧਾਂਤਾਂ ਦੀ ਅਵੱਗਿਆ ਹੈ, ਸਾਨੂੰ ਸਫਾਈ ਦੇਣ ਲਈ ਮੰਗਣ 'ਤੇ ਵੀ ਸਮਾਂ ਨਹੀਂ ਦਿਤਾ।