ਕਈ ਸੂਬਿਆਂ ਤੱਕ ਪਹੁੰਚਦੇ ਇਹ ਭੱਠੀ ਵਾਲੇ ਕੁਲਚੇ ਅੰਮ੍ਰਿਤਸਰ:ਪੂਰੀ ਦੁਨੀਆਂ ਵਿੱਚ ਪੰਜਾਬੀ ਖਾਣ-ਪੀਣ ਦੇ ਸ਼ੌਕੀਨ ਮੰਨੇ ਜਾਂਦੇ ਹਨ। ਉੱਥੇ ਹੀ ਪੰਜਾਬ ਦੀ ਹਰ ਥਾਂ ਕਿਸੇ ਨਾਲ ਕਿਸੇ ਖਾਣ ਵਾਲੀ ਚੀਜ਼ ਨੂੰ ਲੈ ਕੇ ਮਸ਼ਹੂਰ ਹੈ। ਗੱਲ ਕਰਾਂਗੇ ਗੁਰੂ ਨਗਰੀ ਅੰਮ੍ਰਿਤਸਰ ਦੀ, ਜੋ ਕਿ ਪਾਪੜਾਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਕੁਲਚਿਆਂ ਲਈ ਵੀ ਮਸ਼ਹੂਰ ਹੈ। ਇੱਥੋ ਦੇ ਕੁਲਚਿਆਂ ਦਾ ਸਵਾਦ ਨਾ ਸਿਰਫ਼ ਅੰਮ੍ਰਿਤਸਰ ਵਾਸੀਆਂ ਤੱਕ ਹੈ, ਬਲਕਿ ਦੇਸ਼-ਵਿਦੇਸ਼ੀ ਸੈਲਾਨੀ ਵੀ ਬਹੁਤ ਸਵਾਦ ਨਾਲ ਇਨ੍ਹਾਂ ਦੇਸੀ ਕੁਲਚਿਆਂ ਦਾ ਨਜ਼ਾਰਾ ਲੈਂਦੇ ਹਨ।
ਕਈ ਸੂਬਿਆਂ ਤੱਕ ਪਹੁੰਚਦੇ ਭੱਠੀ ਵਾਲੇ ਕੁਲਚੇ:ਅੰਮ੍ਰਿਤਸਰੀ ਭੱਠੀ ਵਾਲੇ ਕੁਲਚੇ ਦੇਸ਼ਾਂ ਵਿਦੇਸ਼ਾਂ ਵਿੱਚ ਮਸਹੂਰ ਹੈ। ਇਹ ਖਾਸ ਤੌਰ ਉੱਤੇ ਅੰਮ੍ਰਿਤਸਰ ਵਿੱਚ ਤਿਆਰ ਕੀਤੇ ਜਾਂਦੇ ਹਨ। ਅੱਜ ਮਿਲਾਵਾਂਗੇ ਉਸ ਦੁਕਾਨਦਾਰ ਨਾਲ, ਜੋ ਇੱਥੇ ਪਿਛਲੇ ਕਰੀਬ 50 ਸਾਲ ਤੋਂ ਇਹ ਕੁਲਚੇ ਬਣਾਉਣ ਦਾ ਕੰਮ ਕਰ ਰਹੇ ਹਨ। ਇਹ ਕੁਲਚੇ ਪੰਜਾਬ ਸਮੇਤ ਦਿੱਲੀ, ਅੰਬਾਲਾ ਅਤੇ ਜੰਮੂ ਵਰਗੇ ਵੱਡੇ ਸ਼ਹਿਰਾਂ ਵਿੱਚ ਜਾਂਦੇ ਹਨ, ਜਿੱਥੇ ਲੋਕ ਇਸ ਅੰਮ੍ਰਿਤਸਰੀ ਭੱਠੀ ਵਾਲੇ ਕੁਲਚੇ ਦਾ ਆਨੰਦ ਮਾਣਦੇ ਹਨ।
ਲੋਕ ਇਨ੍ਹਾਂ ਚੀਜ਼ਾਂ ਨਾਲ ਲੈਂਦੇ ਕੁਲਚੇ ਦਾ ਸਵਾਦ: ਦੁਕਾਨਦਾਰ ਰਾਜੇਸ਼ ਠਾਕੁਰ ਦਾ ਕਹਿਣਾ ਹੈ ਕਿ ਇਹ ਕੁਲਚੇ ਲੋਕ ਵਿਦੇਸ਼ਾਂ ਵਿੱਚ ਵੀ ਲੈਕੇ ਜਾਂਦੇ ਹਨ। ਲੋਕ ਇਹ ਕੁਲਚੇ ਨਿਊਟਰੀ, ਸਬਜ਼ੀਆਂ, ਪਨੀਰ, ਛੋਲਿਆਂ, ਪਕੌੜਿਆਂ ਦੇ ਨਾਲ ਖਾਂਦੇ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਕੁਲਚੇ ਬਣਾਉਣ ਵਾਲੇ ਕਾਰੀਗਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਖਾਸ ਪਾਣੀ ਦੇ ਨਾਲ ਇਹ ਕੁਲਚੇ ਤਿਆਰ ਹੁੰਦੇ ਹਨ, ਜਿੱਥੇ ਮੈਦੇ ਦੇ ਖਮੀਰ ਵਾਲੇ ਕੁਲਚੇ ਸਿਰਫ਼ ਅੰਮ੍ਰਿਤਸਰ ਵਿੱਚ ਹੀ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੁਝ ਸਾਲਾਂ ਪਹਿਲਾ ਇਹ 2 ਰੁਪਏ ਦਰਜਨ ਦੇ ਹਿਸਾਬ ਨਾਲ ਵੀ ਵੇਚਦੇ ਸੀ, ਪਰ ਅੱਜ ਵੱਧਦੀ ਮਹਿੰਗਾਈ ਦੇ ਨਾਲ ਅੱਜ ਇਹ 50 ਰੁਪਏ ਦਰਜਨ ਦੇ ਹਿਸਾਬ ਨਾਲ ਵਿਕਦੇ ਹਨ।
ਸਸਤਾ ਤੇ ਪੇਟ ਭਰ ਦੇਣ ਵਾਲਾ ਕੁਲਚਾ:ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਇਹ ਕੁਲਚਾ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਹੁਤ ਘੱਟ ਪੈਸਿਆਂ ਵਿੱਚ ਅਰਾਮ ਨਾਲ ਖਾ ਕੇ ਢਿੱਡ ਭਰਿਆ ਜਾ ਸਕਦਾ ਹੈ। ਉੱਥੇ ਹੀ ਕਾਰੀਗਰਾਂ ਦਾ ਕਹਿਣਾ ਹੈ ਕਿ ਜਿੰਨੀ ਮਰਜੀ ਗਰਮੀ ਹੋਵੇ ਉਹ ਆਪਣੀ ਮਿਹਨਤ ਕਰਕੇ ਇਹ ਕੁਲਚੇ ਬਣਾਉਂਦੇ ਹੁਣ ਜਿਸ ਨੂੰ ਲੋਕ ਬਹੁਤ ਸੁਆਦ ਨਾਲ ਖਾਂਦੇ ਹਨ। ਇਹ ਜਲਦੀ ਖਰਾਬ ਵੀ ਨਹੀਂ ਹੁੰਦਾ। ਦੁਕਾਨਦਾਰ ਨੇ ਦੱਸਿਆ ਕਿ ਕਈ ਲੋਕ ਵਿਦੇਸ਼ਾਂ ਤੋਂ ਜਦੋਂ ਅੰਮਿਤਸਰ ਆਉਂਦੇ ਹਨ, ਤਾਂ ਇਹ ਕੁਲਚੇ ਪੈਕ ਕਰਾ ਕੇ ਆਪਣੇ ਨਾਲ ਲੈਕੇ ਜਾਂਦੇ ਹਨ। ਸੋ, ਇਨ੍ਹਾਂ ਕੁਲਚਿਆਂ ਦਾ ਸਵਾਦ ਵਿਦੇਸ਼ ਬੈਠੇ ਲੋਕਾਂ ਤੱਕ ਵੀ ਪਹੁੰਚਿਆਂ ਹੋਇਆ ਹੈ।