ਅੰਮ੍ਰਿਤਸਰ :ਤਾਇਕਵਾਂਡੋ ਖੇਡ ਵਿਚ ਰਾਸ਼ਟਰੀ ਪੱਧਰ ਉਤੇ ਗੋਲਡ ਮੈਡਲ ਲੈਣ ਵਾਲਾ ਸਥਾਨਕ ਹਲਕਾ ਮਜੀਠਾ ਦੇ ਕਸਬਾ ਮੱਤੇਵਾਲ ਦਾ ਹੋਣਹਾਰ ਨੌਜਵਾਨ ਕੁੰਵਰਦੀਪ ਸਿੰਘ ਨੇ ਮਾਪਿਆਂ ਦਾ ਅਤੇ ਪੰਜਾਬ ਦਾ ਨਾਮ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ। 24 ਸਾਲਾ ਇਹ ਨੌਜਵਾਨ ਕੁੰਵਰਦੀਪ ਸਿੰਘ, ਜੋ ਕਿ ਉੱਘੇ ਕਾਰੋਬਾਰੀ ਮਨਿੰਦਰ ਸਿੰਘ ਮੱਤੇਵਾਲ ਦਾ ਸਪੁੱਤਰ ਅਤੇ ਟਕਸਾਲੀ ਅਕਾਲੀ ਆਗੂ ਜਥੇ. ਤਰਲੋਚਨ ਸਿੰਘ ਮੱਤੇਵਾਲ ਦਾ ਪੋਤਰਾ ਹੈ। ਇਕ ਵਾਰ ਫਿਰ ਤੋਂ ਇਸ ਹੋਣਹਾਰ ਨੌਜਵਾਨ ਦੀ ਸਖਤ ਮਿਹਨਤ ਅਤੇ ਲਗਨ ਸਦਕਾ ਸਾਰੇ ਦੇਸ਼ ਦਾ ਸਿਰ ਉੱਚਾ ਹੋਇਆ ਹੈ।
ਪੂਰੇ ਭਾਰਤ ਤੋਂ 25 ਖਿਡਾਰੀ ਟੀਮ ਵਿੱਚ ਸ਼ਾਮਲ :ਇਹ ਨੌਜਵਾਨ ਚੀਨ ਦੇਸ਼ ਵਿਚ ਹੋਣ ਵਾਲੀਆਂ FISU ਵਰਡ ਯੂਨੀਵਰਸਿਟੀ ਗੇਮਜ਼’ ਵਿਚ ਭਾਰਤ ਵੱਲੋਂ ਟੀਮ ਵਿਚ ਇਸ ਦਾ ਨਾਮ ਸ਼ਾਮਿਲ ਹੋਇਆ ਹੈ ਅਤੇ ਇਹ ਨੌਜਵਾਨ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਚੀਨ ਦੇਸ਼ ਲਈ ਰਵਾਨਾ ਹੋਇਆ। ਜਾਣ ਤੋਂ ਪਹਿਲਾਂ ਇਸ ਸਬੰਧੀ ਕੁੰਨਰਦੀਪ ਸਿੰਘ ਨੇ ਦੱਸਿਆ ਕਿ ਮਿੰਨੀ ਓਲੰਪਿਕ ਵਜੋਂ ਜਾਣੇ ਜਾਂਦੇ ਇਨ੍ਹਾਂ ਮੁਕਾਬਲਿਆਂ ਵਿਚ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਤੋਂ ਵੱਖ-ਵੱਖ ਖੇਡਾਂ ਲਈ ਮੁਕਾਬਲੇ ਕਰਵਾਏ ਜਾਂਦੇ ਹਨ, ਜੋ ਹਰ ਸਾਲ ਵੱਖ-ਵੱਖ ਦੇਸ਼ਾਂ ਵਿਚ ਕਰਵਾਏ ਜਾਂਦੇ ਹਨ ਅਤੇ ਇਸ ਵਾਰ ਚੀਨ ਦੇ ਚਿੰਗਡੂ ਸ਼ਹਿਰ ਵਿਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਲਈ ਤਾਇਕਵਾਂਡੋਂ ਦੀ ਟੀਮ ਵਿਚ ਪੂਰੇ ਭਾਰਤ ਤੋਂ ਕੁੱਲ 25 ਖਿਡਾਰੀਆਂ ਦੀ ਟੀਮ ਸ਼ਾਮਲ ਹੋਈ ਹੈ, ਜਿਸ ਵਿਚ ਪੰਜਾਬ ਤੋਂ ਉਸ ਦੇ ਸਮੇਤ ਕੁੱਲ 3 ਖਿਡਾਰੀ ਮੌਜੂਦ ਹਨ। ਇਸ ਦੌਰਾਨ ਉਨ੍ਹਾਂ ਆਸ ਜਤਾਈ ਕਿ ਉਹ ਇਨ੍ਹਾਂ ਖੇਡਾਂ ਵਿਚ ਭਾਰਤ ਲਈ ਤਗਮਾ ਜ਼ਰੂਰ ਲੈ ਕੇ ਆਉਣਗੇ।