ਅੰਮ੍ਰਿਤਸਰ: ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਸਥਿਤ ਪਿੰਡ ਹਰਸ਼ਾ ਛੀਨਾ ਵਿੱਚ ਇੱਕ ਮੈਡੀਕਲ ਸਟੋਰ ਵਿੱਚ ਪਿਸਤੌਲ ਦੀ ਨੋਕ ਉੱਤੇ ਲੁੱਟ-ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਮੈਡੀਕਲ ਦੀ ਦੁਕਾਨ ਚਲਾਉਂਦੇ ਹਨ ਜਦੋਂ ਇਹ ਵਾਰਦਾਤ ਵਾਪਰੀ ਉਸ ਵੇਲੇ ਉਨ੍ਹਾਂ ਦੇ ਵਰਕਰ ਦੁਕਾਨ ਬੰਦ ਕਰਨ ਲਈ ਜਾ ਰਹੇ ਸੀ ਇਸ ਦੌਰਾਨ 4 ਵਿਅਕਤੀ ਉਨ੍ਹਾਂ ਦੀ ਦੁਕਾਨ ਅੰਦਰ ਆਏ ਤੇ ਪਿਸਤੌਲ ਦੀ ਨੋਕ ਉੱਤੇ ਉਨ੍ਹਾਂ ਤੋਂ ਪੈਸੇ ਮੰਗਣ ਲੱਗੇ ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਤੋਂ 1 ਲੱਖ 10 ਹਜ਼ਾਰ ਦੀ ਲੁੱਟ ਕੀਤੀ। ਲੁੱਟ ਕਰਨ ਤੋਂ ਬਾਅਦ ਉਨ੍ਹਾਂ ਨੇ ਜਾਣ ਵੇਲੇ ਇੱਕ ਵਰਕਰ ਦੇ ਪੱਟ 'ਤੇ ਗੋਲੀ ਮਾਰ ਦਿੱਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਇਹ ਜਿਹੜੀ ਵਾਰਦਾਤ ਪਹਿਲੀ ਵਾਰ ਨਹੀਂ ਵਾਪਰੀ ਹੈ ਇਹ ਤੀਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨਾਲ 2 ਵਾਰਦਾਤਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰਦਾਤ ਵਿੱਚ ਉਨ੍ਹਾਂ ਨੂੰ 5 ਲੱਖ ਦੀ ਧਮਕੀ ਮਿਲੀ ਸੀ ਤੇ ਦੂਜੀ ਵਾਰਦਾਤ ਵਿੱਚ ਲੁਟੇਰਿਆਂ ਨੇ ਦੁਕਾਨ ਦਾ ਸ਼ਟਰ ਭੰਨ ਕੇ 42 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਸੀ ਪਰ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਨਹੀਂ ਹੈ ਉਨ੍ਹਾਂ ਨੂੰ ਸਕਿਊਰਟੀ ਦਿੱਤੀ ਜਾਵੇ।
ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਇੱਥੇ ਨਵੀਂ ਪੋਸਟਿੰਗ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੀੜਤ ਨੂੰ ਅੱਜ ਹੀ ਸੁਰੱਖਿਆ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਾਰਦਾਤਾਂ ਦੀ ਸੀਸੀਟੀਵੀ ਫੁਟੇਜ ਕਢਵਾ ਲਈ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।