ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਨੇ ਬੀਤੀ ਇੱਕ ਦਸੰਬਰ ਨੂੰ ਨੈਸ਼ਨਲ ਗਲਾਸ ਹਾਊਸ ਨਿਰਮਾ ਕੰਪਨੀ ਦੇ ਡਿਸਟ੍ਰੀਬਿਊਟਰ ਦੇ ਸੇਲਜਮੈਨ ਤੋਂ 16 ਲੱਖ ਰੁਪਏ ਦੀ ਲੁੱਟ ਨੂੰ 48 ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਥੇ ਇੱਕ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਲੁੱਟ ਦੇ ਇਸ ਮਾਮਲੇ ਵਿੱਚ ਮਾਸਟਰਮਾਈਂਡ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ ਰਾਸ਼ੀ ਦੇ 13 ਲੱਖ 83 ਰੁਪਏ ਬਰਾਮਦ ਕੀਤੇ ਗਏ ਹਨ।
ਅੰਮ੍ਰਿਤਸਰ ਪੁਲਿਸ ਨੇ 48 ਘੰਟਿਆਂ 'ਚ ਸੁਲਝਾਈ 16 ਲੱਖ ਰੁਪਏ ਲੁੱਟ ਦੀ ਵਾਰਦਾਤ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦਾ ਮਾਸਟਰਮਾਈਂਡ ਅਵਿਨਾਸ਼ ਉਰਫ਼ ਇਲੀ ਉਸ ਕੰਪਨੀ ਵਿੱਚ ਹੀ ਕੰਮ ਕਰਦਾ ਹੈ, ਜਿਸਦੇ ਸੇਲਜਮੈਨ ਤੋਂ ਇਨ੍ਹਾਂ ਨੇ 16 ਲੱਖ ਰੁਪਏ ਲੁੱਟੇ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਹੁਣ ਵੀ ਅਤੇ ਵਾਰਦਾਤ ਵਾਲੇ ਦਿਨ ਵੀ ਕੰਮ ਉਪਰ ਮੌਜੂਦ ਸੀ। ਇਥੋਂ ਹੀ ਉਸ ਨੇ ਆਪਣੇ ਦੋ ਸਾਥੀਆਂ ਨੂੰ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਅਵਿਨਾਸ਼ ਨੂੰ ਉਸਦੇ ਸਾਥੀ ਰਮਨ ਕੁਮਾਰ ਨੇ ਪੈਸਿਆਂ ਦੀ ਜ਼ਰੂਰਤ ਬਾਰੇ ਕਿਹਾ ਸੀ, ਜਿਸ 'ਤੇ ਅਵਿਨਾਸ਼ ਨੇ ਉਸ ਨੂੰ ਦੱਸਿਆ ਕਿ ਉਸ ਦੇ ਮਾਲਕਾਂ ਕੋਲ ਬਹੁਤ ਪੈਸੇ ਹਨ। ਉਪਰੰਤ ਇਨ੍ਹਾਂ ਫੜੇ ਗਏ ਤਿੰਨੇ ਕਥਿਤ ਦੋਸ਼ੀਆਂ ਅਵਿਨਾਸ਼, ਰਮਨ ਅਤੇ ਰਿਸ਼ੂ ਨੇ ਮਿਲ ਕੇ ਲੁੱਟ ਕਰਨ ਲਈ ਇੱਕ ਯੋਜਨਾ ਉਲੀਕੀ। ਉਨ੍ਹਾਂ ਦੱਸਿਆ ਕਿ ਲੁੱਟ ਵਾਲੇ ਦਿਨ ਅਵਿਨਾਸ਼ ਕੰਪਨੀ ਵਿੱਚ ਕੰਮ 'ਤੇ ਮੌਜੂਦ ਸੀ, ਜਿਥੋਂ ਉਸ ਵੱਲੋਂ ਜਾਣਕਾਰੀ ਮਿਲਣ 'ਤੇ ਰਮਨ ਤੇ ਰਿਸ਼ੂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਲੁੱਟ ਵਿੱਚ ਨੂੰ ਅੰਜਾਮ ਦੇਣ ਲਈ ਦਾਤਰ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਲੁੱਟ ਦੀ ਇਸ ਯੋਜਨਾ ਲਈ ਪਹਿਲਾਂ ਰਿਸ਼ੂ ਵੱਲੋਂ ਸਾਰੀ ਰੇਕੀ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਵਿੱਚ ਟੀਮਾਂ ਗਠਤ ਕਰਦੇ ਜਾਂਚ ਅਰੰਭ ਦਿੱਤੀ ਸੀ, ਜਿਸ ਵਿੱਚ ਪੁਲਿਸ ਚੌਕੀ ਰਾਜਕੁਮਾਰ ਨੇ ਕਾਰਵਾਈ ਕਰਦਿਆਂ ਪੁਲਿਸ ਚੌਕੀ ਗੁਰਬਖਸ਼ ਨਗਰ ਦੇ ਇੰਚਾਰਜ ਰਾਜ ਕੁਮਾਰ ਨੇ ਲੁੱਟ ਦੀ ਵਾਰਦਾਤ ‘ਚ ਵਰਤੇ ਪਲਸਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਰਮਨ ਕੁਮਾਰ ਵਾਸੀ ਗਲੀ ਨੰ: 20 ਗੁਰਬਖਸ਼ ਨਗਰ ਅਤੇ ਰਿਸ਼ੂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 11 ਲੱਖ 50 ਹਜ਼ਾਰ ਰੁਪਏ ਅਤੇ ਅਵਿਨਾਸ਼ ਉਰਫ਼ ਇਲੀ ਵਾਸੀ ਡੈਮਗੰਜ ਪਾਸੋਂ 2 ਲੱਖ 33 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ।