ਲੰਡਾ ਹਰੀਕੇ ਗੈਂਗ ਦੇ 4 ਮੁਲਜ਼ਮ ਗ੍ਰਿਫਤਾਰ, ਹਥਿਆਰ ਬਰਾਮਦ ਅੰਮ੍ਰਿਤਸਰ:ਪੰਜਾਬ ਵਿੱਚ ਲਗਾਤਾਰ ਹੋਈਆਂ ਖੂਨੀ ਵਾਰਦਾਤਾਂ ਤੋਂ ਬਾਅਦ ਪੁਲਿਸ ਵੱਲੋਂ ਨਾਕੇਬੰਦੀਆਂ ਕਰਦਿਆ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੇ ਉਪਰ ਨਕੇਲ ਕੱਸੀ ਜਾ ਰਹੀ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਥਾਣਾ ਮੋਹਕਮਪੁਰਾ ਦੀ ਪੁਲਿਸ ਵੱਲੋਂ ਸਨਸਿਟੀ ਮੋੜ ਉਪਰ ਨਾਕੇਬੰਦੀ ਕਰਕੇ ਹਰ ਇਕ ਸ਼ੱਕੀ ਵਿਅਕਤੀ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਵੱਲੋਂ ਸਨਸਿਟੀ ਮੋੜ ਉਪਰ ਨਾਕੇਬੰਦੀ ਦੌਰਾਨ ਲੰਡਾ ਹਰੀਕੇ ਗੈਂਗ ਦੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਮੁਲਜ਼ਮਾਂ ਵੱਲੋਂ ਭੱਜਣ ਦੀ ਕੋਸ਼ਿਸ਼, ਪਰ ਅਸਫ਼ਲ ਰਹੇ: ਦਰਅਸਲ, ਅੰਮ੍ਰਿਤਸਰ ਥਾਣਾ ਮੋਹਕਮਪੁਰਾ ਦੀ ਪੁਲਿਸ ਵੱਲੋਂ ਸਨਸਿਟੀ ਮੋੜ ਉਪਰ ਨਾਕੇਬੰਦੀ ਕਰਦਿਆ ਹਰ ਇਕ ਸ਼ੱਕੀ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਬਿਨਾਂ ਨੰਬਰ ਤੋਂ ਸਵਿਫਟ ਕਾਰ ਤੋਂ ਆ ਰਹੇ ਕੁਝ ਨੌਜਵਾਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਵੱਲੋਂ ਬੜੀ ਮੁਸ਼ਕਿਲ ਨਾਲ ਕਾਰ ਸਵਾਰ ਚਾਰ ਵਿਅਕਤੀਆਂ ਕਾਬੂ ਕੀਤਾ ਗਿਆ। ਇਨ੍ਹਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀ ਚੈਕਿੰਗ ਕੀਤੀ, ਤਾਂ ਉਨ੍ਹਾਂ ਵਿਅਕਤੀਆਂ ਦੇ ਕੋਲੋਂ 4 ਪਿਸਟਲ ਵੀ ਬਰਾਮਦ ਹੋਏ।
4 ਪਿਸਟਲ ਅਤੇ 4 ਮੈਗਜ਼ੀਨਾਂ ਅਤੇ 9 ਜ਼ਿੰਦਾ ਰੌਂਦ ਬਰਾਮਦ: ਇਸ ਸਬੰਧੀ ਪੁਲਿਸ ਅਧਿਕਾਰੀ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਚਾਰ ਵਿਅਕਤੀਆਂ ਕੋਲੋਂ 4 ਪਿਸਤੌਲਾਂ ਅਤੇ 4 ਮੈਗਜ਼ੀਨਾਂ ਅਤੇ 9 ਜ਼ਿੰਦਾ ਰੌਂਦ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਅਰਮਾਨਦੀਪ ਸਿੰਘ ਉਰਫ ਲੱਖਾ, ਗੁਰਲਾਲ ਸਿੰਘ ਉਰਫ ਲਾਲੀ, ਰਾਜਬੀਰ ਸਿੰਘ ਉਰਫ਼ ਰਾਜਾ ਅਤੇ ਗੁਰਲਾਲ ਸਿੰਘ ਵਜੋਂ ਹੋਈ ਹੈ। ਇਹ ਚਾਰੇ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਚਾਰਾਂ ਵਿਅਕਤੀਆਂ ਦੇ ਗੈਂਗਸਟਰ ਲੰਡਾ ਹਰੀਕੇ ਨਾਲ ਸਬੰਧ ਹਨ ਤੇ ਜੋ ਪਿਸਟਲ ਇਨ੍ਹਾਂ ਕੋਲੋਂ ਬਰਾਮਦ ਹੋਏ ਹਨ ਉਹ ਹਥਿਆਰ ਇਨ੍ਹਾਂ ਨੇ ਫਰੀਦਕੋਟ ਜੇਲ੍ਹ ਵਿੱਚ ਬੰਦ ਅਕਾਸ਼ਦੀਪ ਸਿੰਘ ਦੇ ਜ਼ਰੀਏ ਮੰਗਵਾਏ ਸਨ। ਪੁਲਿਸ ਵੱਲੋਂ ਇਨ੍ਹਾਂ ਉੱਤੇ ਮਾਮਲਾ ਦਰਜ ਕਰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਅਮ੍ਰਿਤਸਰ ਵਿੱਚ ਪੁਲਿਸ ਅਧਿਕਾਰੀ ਦੀ ਗੱਡੀ ਥੱਲੇ ਵਿਸਫੋਟਕ ਸਮੱਗਰੀ ਲਗਾਉਣ ਦੀ ਜ਼ਿੰਮੇਵਾਰੀ ਵੀ ਲੰਡਾ ਹਰੀਕੇ ਗੈਂਗ ਵੱਲੋਂ ਲਈ ਗਈ ਸੀ। ਤਰਨਤਾਰਨ ਵਿੱਚ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਲੰਡਾ ਹਰੀਕੇ ਗੈਂਗਸਟਰ ਨੇ ਲਈ ਹੈ ਅਤੇ ਅੱਜ ਵੀ ਕਥਿਤ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਅੰਮ੍ਰਿਤਸਰ ਪਹੁੰਚੇ ਸਨ ਜਿਨ੍ਹਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ:"ਪੰਜਾਬ 'ਚ ਪੰਜਾਬੀ ਲਾਗੂ ਕਰਨ ਦਾ ਐਲਾਨ ਤਾਂ ਠੀਕ, ਪਰ ਸੀਐਮ ਸਰਕਾਰੀ ਦਫ਼ਤਰਾਂ ਤੋਂ ਕਰਦੇ ਪਹਿਲ"