ਅੰਮ੍ਰਿਤਸਰ :ਪੰਜਾਬ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਇੱਕ ਹੋਟਲ 'ਚ ਇਕੱਠੇ ਰੇਡ ਕੀਤੀ ਗਈ।ਜੰਮੂ-ਕਸ਼ਮੀਰ ਦੀ ਪੁਲਿਸ ਇੱਥੇ ਦੋ ਕਾਤਲਾਂ ਦੀ ਭਾਲ 'ਚ ਆਈ ਸੀ ਜੋ ਜੰਮੂ ਤੋਂ ਕਤਲ ਕਰਕੇ ਅੰਮ੍ਰਿਤਸਰ ਦੇ ਹੋਟਲ 'ਚ ਲੁਕੇ ਸਨ।ਜੰਮੂ-ਕਸ਼ਮੀਰ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਰੇਲਵੇ ਸਟੇਸ਼ਨ ਨੇੜੇ ਹੋਟਲ ਭਰਤ ਪਹੁੰਚੀ ਸੀ। ਜਦੋਂ ਪੁਲਿਸ ਨੇ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਆਖਿਆ ਤਾਂ ਇੰਨ੍ਹਾਂ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਪੁਲਿਸ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿੰਨ੍ਹਾਂ ਚੋਂ ਇੱਕ ਦਾ ਨਾਮ ਅਰੁਣ ਚੌਧਰੀ ਉਰਫ ਅੱਬੂ ਜੱਟ ਦੂਸਰੇ ਦਾ ਨਾਮ ਅਤੁਲ ਚੌਧਰੀ ਉਰਫ ਰਵੀ ਹੈ।
ਮੁਲਜ਼ਮਾਂ ਤੋਂ ਕੀ ਹੋਇਆ ਬਰਾਮਦ: ਇਸ ਸਾਰੇ ਮਾਮਲੇ 'ਤੇ ਅੰਮ੍ਰਿਤਸਰ ਦੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਜਦੋਂ ਜੰਮੂ-ਕਸ਼ਮੀਰ ਦੀ ਪੁਲਿਸ ਅੰਮ੍ਰਿਤਸਰ ਆਈ ਤਾਂ ਪੰਜਾਬ ਪੁਲਿਸ ਵੱਲੋਂ ਵੀ ਉਨ੍ਹਾਂ ਦੀ ਮਦਦ ਕੀਤੀ ਗਈ।ਇਸੇ ਕਾਰਨ ਹੋਟਲ 'ਚ ਰੇਡ ਕਰਕੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋ ਨਾਜਾਇਜ਼ ਅਸਲੇ 'ਚ 32 ਬੋਰ, 5 ਜਿੰਦਾ ਰਾਊਂਡ ਅਤੇ 2 ਖਾਲੀ ਖੋਲ ਬਰਾਮਦ ਹੋਏ ਹਨ। ਜਿਸ ਮਗਰੋਂ ਥਾਣਾ ਸਿਵਲ ਲਾਈਨ ਵਿਖੇ ਧਾਰਾ 307 ਆਈਪੀਸੀ ਅਤੇ 25 ਆਰਮ ਐਕਟ ਤਹਿਤ ਇੱਕ ਮੁਕਦਮਾ ਦਰਜ ਕੀਤਾ ਗਿਆ।