ਅੰਮ੍ਰਿਤਸਰ: ਪੰਜਾਬ ਦੀ ਆਪਣੀ ਹੀ ਇੱਕ ਵਿਲੱਖਣ ਪਛਾਣ ਹੈ। ਇਸੇ ਪਛਾਣ ਨੂੰ ਹੋਰ ਵੀ ਖਾਸ ਬਣਾਉਂਦਾ ਹੈ ਇੱਥੋਂ ਦਾ ਸੱਭਿਆਚਾਰ, ਰੀਤੀ-ਰਿਵਾਜ਼, ਬੋਲੀ, ਪਹਿਰਾਵਾ ਅਤੇ ਹਾਰ-ਸ਼ਿੰਗਾਰ। ਵੈਸੇ ਤਾਂ ਪੰਜਾਬ ਦੀ ਹਰ ਇੱਕ ਚੀਜ਼ ਦੀ ਆਪਣੀ ਹੀ ਅਲੱਗ ਖਾਸੀਅਤ ਹੈ , ਜੇਕਰ ਪੰਜਾਬ ਦੀਆਂ ਮੁਟਿਆਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੁਸਨ ਦਾ ਪੂਰੀ ਦੁਨੀਆ 'ਚ ਕੋਈ ਮੁਕਾਬਲਾ ਨਹੀਂ, ਪਰ ਫਿਰ ਵੀ ਮੁਟਿਆਰਾਂ ਦੇ ਹੁਸਨ ਨੂੰ ਹੋਰ ਵੀ ਚਾਰ ਚੰਨ ਪੰਜਾਬੀ ਪਹਿਰਾਵਾ ਲਗਾ ਦਿੰਦਾ ਹੈ। ਇਸੇ 'ਚ ਇੱਕ ਹੋਰ ਬਹੁਤ ਹੀ ਖਾਸ ਪਹਿਰਾਵਾ ਫ਼ੁਲਕਾਰੀ ਹੈ। ਪੰਜਾਬ ਦੀਆਂ ਫੁਲਕਾਰੀਆਂ ਦੁਨੀਆ ਭਰ 'ਚ ਮਸ਼ਹੂਰ ਹਨ। ਅੱਜ ਤੁਹਾਨੂੰ 1957 'ਚ ਬਣੀ ਫੁਲਕਾਰੀ ਦੀ ਦੁਕਾਨ ਬਾਰੇ ਜਾਣਕਾਰੀ ਦਿੰਦੇ ਹਾਂ ਜੋ ਕਿ ਸਿਰਫ਼ ਤੇ ਸਿਰਫ਼ ਫ਼ੁਲਕਾਰੀ ਲਈ ਖਾਸ ਤੌਰ 'ਤੇ ਜਾਣੀ ਜਾਂਦੀ ਹੈ।
ਮਸ਼ੂਹਰ ਫੁਲਕਾਰੀ ਦੀ ਦੁਕਾਨ: ਅੰਮ੍ਰਿਤਸਰ ਦੀ ਮਸ਼ਹੂਰ ਕਟਰਾ ਜੈਮਲ ਸਿੰਘ ਦੇ ਖਲਚਿਆਂ ਵਾਲਿਆਂ ਦੀ ਦੁਕਾਨ ਫੁਲਕਾਰੀਆਂ ਲਈ ਬੇਹੱਦ ਚਰਚਾ 'ਚ ਹੈ। ਇਹ ਦੁਕਾਨ 1957 'ਚ ਅੰਮ੍ਰਿਤਸਰ 'ਚ ਸ੍ਰੀ ਦਰਬਾਰ ਦੇ ਨੇੜੇ ਖੋਲ੍ਹੀ ਗਈ ਸੀ। ਦੁਕਾਨਦਾਰ ਪੁਨੀਤ ਨੇ ਦੱਸਿਆ ਕਿ ਇਸ ਦੁਕਾਨ ਨੂੰ ਉਨ੍ਹਾਂ ਦੇ ਵੱਡੇ ਬਜ਼ੁਰਗਾਂ ਵੱਲੋਂ ਬਣਾਇਆ ਗਿਆ ਸੀ। ਬੇਸ਼ੱਕ ਇਹ ਦੁਕਾਨ ਬਹੁਤ ਪੁਰਾਣੀ ਹੈ, ਪਰ ਫ਼ੁਲਕਾਰੀ ਦਾ ਰਿਵਾਜ਼ ਹਾਲੇ ਵੀ ਨਵੇਂ ਦਾ ਨਵਾਂ ਹੈ। ਪਹਿਲਾਂ ਜਿੱਥੇ ਸਿਰਫ਼ ਫੁਲਕਾਰੀ ਨੂੰ ਸਿਰ 'ਤੇ ਲਿਆ ਜਾਂਦਾ ਸੀ, ਪਰ ਅੱਜ ਦੇ ਸਮੇਂ 'ਚ ਫੁਲਕਾਰੀ ਦੇ ਰੂਪ 'ਚ ਸਾੜੀਆਂ, ਕੁੜਤੇ ਅਤੇ ਬੱਚਿਆ ਦੇ ਕੱਪੜੇ ਵੀ ਬਣਾਏ ਜਾ ਰਹੇ ਹਨ।