ਸੁਲਤਾਨਵਿੰਡ ਵਿਖੇ ਮੰਦਰ ਵਿੱਚ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ ਅੰਮ੍ਰਿਤਸਰ : ਚੋਰਾਂ ਦੇ ਹੌਸਲੇ ਇੰਨੇ ਕੁ ਵਧ ਗਏ ਹਨ ਕਿ ਆਏ ਦਿਨ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆ ਹਨ। ਚੋਰਾਂ ਨੂੰ ਪੁਲਿਸ ਦਾ ਕੋਈ ਵੀ ਡਰ-ਖੌਫ ਨਹੀਂ ਹੈ। ਚੋਰ ਆਏ ਦਿਨ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਉਥੇ ਹੀ ਅੰਮ੍ਰਿਤਸਰ ਦੀ ਥਾਣਾ ਬੀ ਡਿਵੀਜ਼ਨ ਸੁਲਤਾਨ ਵਿੰਡ ਚੌਕ ਥਾਣੇ ਦੇ ਬਿਲਕੁਲ ਸਾਹਮਣੇ ਸਿਰਫ਼ 50 ਮੀਟਰ ਦੇ ਕਰੀਬ ਇਲਾਕੇ ਵਿੱਚ ਜੀਟੀ ਰੋਡ ਉਪਰ ਮੰਦਿਰ ਵਿੱਚ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਭ ਤੋਂ ਵੱਡੀ ਗੱਲ ਇਹ ਕਿ ਮੰਦਰ ਦੇ 50 ਮੀਟਰ ਦੀ ਦੂਰੀ ਤੇ ਹੀ ਪੁਲਿਸ ਥਾਣਾ ਹੈ, ਪਰ ਚੋਰਾਂ ਨੇ ਬਿਨਾਂ ਕਿਸੇ ਪੁਲਿਸ ਦੇ ਡਰ ਤੋਂ ਮੰਦਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਚੋਰਾਂ ਵੱਲੋਂ ਮੰਦਿਰ ਦੇ ਅੰਦਰ ਮੂਰਤੀਆਂ ਦੀ ਬੇਅਦਬੀ ਵੀ ਕੀਤੀ ਗਈ।
ਇਸ ਮੌਕੇ ਮੰਦਰ ਦੇ ਸ਼ਰਧਾਲੂ ਕਰਨ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਨਾਤਨ ਧਰਮ ਮੰਦਰ ਹੈ। ਇਸ ਮੰਦਿਰ ਵਿੱਚ ਹਰੇਕ ਧਰਮ ਦੇ ਲੋਕਾਂ ਦੀ ਆਸਥਾ ਜੁੜੀ ਹੈ, ਜਿਸਦੇ ਚੱਲਦੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਚੋਰ ਰਾਤ ਨੂੰ ਮੰਦਿਰ ਵਿੱਚ ਦਾਖਲ ਹੋਏ ਤੇ ਮੰਦਿਰ ਦੇ ਅੰਦਰ ਦੇਵੀ ਦੇਵਤਿਆਂ ਦੇ ਗਿਹਣੇ ਅਤੇ ਵਸਤਰ ਉਤਾਰ ਕੇ ਮੂੂਰਤੀਆਂ ਚੋਰੀ ਕਰ ਲਈਆ। ਮੰਦਿਰ ਦੀਆਂ ਗੋਲਕਾਂ ਤੋੜ ਕੇ ਉਨ੍ਹਾਂ ਵਿਚੋਂ ਪੈਸੈ ਕੱਢ ਕੇ ਲੈ ਗਏ।
ਚੋਰੀ ਕਰਨ ਤੋਂ ਪਹਿਲਾਂ ਚੋਰਾਂ ਨੇ ਮੰਦਰ ਵਿੱਚ ਕੀਤਾ ਨਸ਼ਾ :ਕਰਨ ਗਿੱਲ ਕੁਮਾਰ ਨੇ ਕਿਹਾ ਕਿ 7 ਤੋਂ 8 ਹਜ਼ਾਰ ਰੁਪਏ ਮੰਦਿਰ ਦੀ ਗੋਲਕ ਵਿਚੋ ਕੱਢੇ ਗਏ ਹਨ। ਉਨ੍ਹਾਂ ਕਿਹਾ ਚੋਰਾਂ ਵੱਲੋ ਚੋਰੀ ਕਰਨ ਤੋਂ ਪਹਿਲਾਂ ਮੰਦਿਰ ਵਿੱਚ ਨਸ਼ਾ ਵੀ ਕੀਤਾ ਗਿਆ, ਜਿਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਉਨ੍ਹਾਂ ਕਿਹਾ ਕਿ 50 ਮੀਟਰ ਦੀ ਦੂਰੀ ਉਤੇ ਹੀ ਪੁਲਿਸ ਥਾਣਾ ਹੈ, ਪਰ ਚੋਰਾਂ ਨੂੰ ਪੁਲਿਸ ਦਾ ਵੀ ਕੋਈ ਡਰ ਖ਼ੌਫ਼ ਨਜ਼ਰ ਨਹੀਂ ਆਇਆ। ਚੋਰਾਂ ਵੱਲੋਂ ਮੰਦਰ ਦੀ ਬੇਅਦਬੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਰ ਮੰਦਿਰ ਦੇ ਅੰਦਰ ਹੀ ਜੁੱਤੀਆਂ ਪਾਕੇ ਦਾਖ਼ਿਲ ਹੋਏ ਤੇ ਮੂਰਤੀਆਂ ਦੀ ਬੇਅਦਬੀ ਵੀ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੰਦਿਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਬੇਅਬਦੀ ਕਰਨ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾਏ ਜਾਣ ਤਾਕਿ ਅਜਿਹੀਆ ਘਟਨਾਵਾਂ ਦੁਬਾਰਾ ਨਾ ਹੋਣ।
ਪੁਲਿਸ ਵੱਲੋਂ ਜਾਂਚ ਜਾਰੀ :ਦੂਜੇ ਪਾਸੇ ਥਾਣਾ ਬੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਸ਼ਿਵ ਦਰਸ਼ਣ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਜੀ ਟੀ ਰੋਡ ਉਤੇ ਸਨਾਤਨ ਧਰਮ ਦਾ ਮੰਦਿਰ ਹੈ, ਉੱਥੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸਾਡੇ ਵੋਲੋ ਜਾਂਚ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਧਰਮ ਦਾ ਮਸਲਾ ਹੈ ਤੇ ਜਲਦ ਤੋਂ ਜਲਦ ਅਸੀਂ ਚੋਰ ਫੜ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।