ਅੰਮ੍ਰਿਤਸਰ:ਜ਼ਿਲ੍ਹੇ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (amritsar international airport) ਉੱਤੇ ਹਰ ਰੋਜ਼ ਵਿਦੇਸ਼ਾਂ ਤੋਂ ਹਜ਼ਾਰਾਂ ਯਾਤਰੀ ਆਉਂਦੇ ਹਨ। ਇਸ ਵਾਰ ਹਵਾਈ ਅੱਡੇ ਉੱਪਰ ਪਹੁੰਚੇ ਯਾਤਰੀਆਂ ਨੂੰ ਖੱਜਲ ਖੁਆਰੀ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾਈ ਅੱਡੇ ਉੱਪਰ ਪ੍ਰਬੰਧਾਂ ਦੀ ਕਾਫੀ ਘਾਟ ਨਜ਼ਰ ਆ ਰਹੀ ਹੈ ਕਿਉਂਕਿ ਹਵਾਈ ਅੱਡੇ ਅੰਦਰ ਕਬੂਤਰਾਂ ਨੇ ਡੇਰਾ ਲਗਾ ਲਿਆ ਹੈ। ਇਸਦੇ ਨਾਲ ਹੀ ਮੱਛਰ ਅਤੇ ਮੱਖੀਆਂ ਦੇ ਕਾਰਨ ਵੀ ਬਿਮਾਰੀ ਪੈਦਾ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।
ਅੱਤ ਸੁਰੱਖਿਅਤ ਮੰਨੇ ਜਾਂਦੇ ਏਅਰਪੋਰਟ ਅੰਦਰ ਵੱਡੀ ਗਿਣਤੀ ਵਿੱਚ ਦਾਖਲ ਹੋਏ ਕਬੂਤਰ ਯਾਤਰੀਆਂ ਦੇ ਬੈਠਣ ਲਈ ਲੱਗੀਆਂ ਕੁਰਸੀਆਂ ਉੱਪਰ ਬਿੱਠਾਂ ਕਰ ਰਹੇ ਹਨ ਜਿਸ ਕਾਰਨ ਯਾਤਰੀਆਂ ਨੂੰ ਬੈਠਣ ਲਈ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਯਾਤਰੀਆਂ ਨੂੰ ਕਰਨੀਆਂ ਪੈ ਰਹੀਆਂ ਹਨ।
ਈਟੀਵੀ ਭਾਰਤ ਦੀ ਟੀਮ ਵੱਲੋਂ ਯਾਤਰੀਆਂ ਨਾਲ ਖਾਸ ਗੱਲਬਾਤ: ਈਟੀਵੀ ਭਾਰਤ ਦੀ ਟੀਮ ਵੱਲੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਹਵਾਈ ਅੱਡੇ ਉੱਪਰ ਪਹੁੰਚੇ ਯਾਤਰੀਆਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਹਵਾਈ ਅੱਡੇ ਉੱਪਰ ਕਿਹੜੀਆਂ ਮੁਸ਼ਕਿਲਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਯਾਤਰੀਆਂ ਨੇ ਖੁੱਲ੍ਹ ਕੇ ਬੋਲਦਿਆਂ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਅਤੇ ਨਾਲ ਹੀ ਸਰਕਾਰ ਨੂੰ ਨਸੀਹਤ ਵੀ ਦਿੱਤੀ ਗਈ ਹੈ।
ਖਾਣ ਪੀਣ ਵਾਲੀਆਂ ਸਟਾਲਾਂ ਬੰਦ:ਇਸ ਮੌਕੇ ਯਾਤਰੀਆਂ ਨੇ ਦੱਸਿਆ ਕਿ ਹਵਾਈ ਅੱਡੇ ਅੰਦਰ ਉਨ੍ਹਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਖਾਣ ਪੀਣ ਲਈ ਬਹੁਤ ਪਰੇਸ਼ਾਨ ਹੋਣਾ ਪਿਆ ਹੈ ਕਿਉਂਕਿ ਇੱਥੇ ਕੋਈ ਵੀ ਖਾਣ ਪੀਣ ਦਾ ਪ੍ਰਬੰਧ ਨਹੀਂ ਹੈਂ ਹੈ ਇੱਥੋਂ ਤੱਕ ਕੇ ਚਾਹ ਪੀਣ ਵਾਲੀਆਂ ਸਟਾਲਾਂ ਵੀ ਬੰਦ ਪਈਆਂ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਪੀਣ ਵਾਲੇ ਪਾਣੀ ਲਈ ਵੀ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਯਾਤਰੀਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਇੰਟਰ ਨੈਸ਼ਨਲ ਏਅਰਪੋਰਟ ਵਰਗੀ ਇੱਥੇ ਕੋਈ ਸਹੂਲਤਾਂ ਨਹੀਂ ਹੈ।