ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫਤਰਾਂ ਤੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ 26 ਨਵੰਬਰ ਤੋਂ ਸ਼ੁਰੂ ਕੀਤੇ ਗਏ ਲੰਬੇ ਸਮੇਂ ਦੇ ਮੋਰਚਿਆਂ ਦੇ ਤੀਸਰੇ ਦਿਨ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ, ਕੀਰਤਨ ਦਰਬਾਰ ਕਰਵਾਏ ਗਏ।
ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ:ਇੱਕ ਘੰਟੇ ਦੇ ਚਲੇ ਧਾਰਮਿਕ ਸਮਾਗਮ ਤੋਂ ਬਾਅਦ ਕਿਸਾਨ ਆਗੂਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲੜਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਮਿਸਾਲ ਪੈਦਾ ਕੀਤੀ ਸੀ। ਅੱਜ ਸਭ ਨੂੰ ਉਨ੍ਹਾਂ ਵੱਲੋਂ ਦਿੱਤੇ ਮਾਨਵਤਾ ਦੇ ਸੰਦੇਸ਼ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਅਤੇ ਜਥੇਬੰਦੀ ਉਨ੍ਹਾਂ ਦੇ ਇਸ ਸੰਦੇਸ਼ ਤੋਂ ਸਿੱਖਿਆ ਲੈਂਦੇ ਹੋਏ ਲੋਕਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਲੜਾਈ ਲੜਨ ਲਈ ਜਤਨਸ਼ੀਲ ਹੈ।
ਮਨ ਕੀ ਬਾਤ ਪ੍ਰੋਗਰਾਮ ਦੀ ਨਿੰਦਾ :ਮੋਰਚੇ ਵਿਚ ਮੌਜੂਦ ਕਿਸਾਨ ਮਜ਼ਦੂਰ ਅਤੇ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਕਿਹਾ ਕਿ ਤੇ ਪੰਜਾਬ ਸਰਕਾਰ ਤਹਿਸੀਲ ਕੰਪਲੈਕਸ ਦੀਆਂ ਬਿਲਡਿੰਗਾਂ ਦੀ ਹਾਲਤ ਸੁਧਾਰਨ 'ਤੇ ਪੈਸਾ ਲਾਉਣ ਦਾ ਫੈਸਲਾ ਕਰ ਰਹੀ ਹੈ ਜਦ ਕਿ ਲੋਕਾਂ ਦੀਆਂ ਦਫਤਰਾਂ ਨਾਲ ਸਬੰਧਤ ਮੁਸ਼ਕਲਾਂ ਓਵੇਂ ਦੀਆਂ ਓਵੇਂ ਬਣੀਆਂ ਹੋਈਆਂ ਹਨ। ਲੋਕ ਖ਼ੱਜਲ ਖੁਆਰ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਇਸ ਤੇ ਕਾਬੂ ਕਰੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਜਿੰਮੇਵਾਰ ਚਿਹਰੇ ਗੁਜਰਾਤ ਅਤੇ ਹੋਰ ਸਟੇਟਾਂ ਦੀਆਂ ਚੋਣਾਂ ਵਿੱਚ ਕੂੜ ਪ੍ਰਚਾਰ ਵਿਚ ਲੱਗੇ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਾਈਵੇਟ ਸੈਕਟਰ ਦੀਆਂ ਸਿਫਤਾਂ ਦੇ ਪੁਲ ਬੰਨ੍ਹਣ ਤੇ ਕਿਹਾ ਕਿ ਇਹ ਮੰਤਰੀ ਦਾ ਇਹ ਬਿਆਨ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਅਤੇ ਪਬਲਿਕ ਸੈਕਟਰ ਨੂੰ ਕਮਜ਼ੋਰ ਤੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨ ਵਾਲਾ ਹੈ। ਜਥੇਬੰਦੀ ਨੇ ਉਨ੍ਹਾਂ ਦੇ ਇਸ ਬਿਆਨ ਦੀ ਨਿੰਦਾ ਕਰਦੀ ਹੈ।