ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਏਅਰਪੋਰਟ ਉੱਤੇ ਰੋਕਣ ਦਾ ਮਾਮਲਾ, ਜਥੇਦਾਰ ਨੇ ਸਖ਼ਤ ਸ਼ਬਦਾਂ 'ਚ ਕੀਤੀ ਸਰਕਾਰ ਦੀ ਨਿਖੇਧੀ ਚੰਡੀਗੜ੍ਹ-ਅੰਮ੍ਰਿਤਸਰ:ਬੀਤੇ ਦਿਨ ਭਗੌੜੇ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੰਡਨ ਲਈ ਫਲਾਈਟ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਇਮੀਗ੍ਰੇਸ਼ਨ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੁੱਛਗਿੱਛ ਮਗਰੋਂ ਵਾਪਿਸ ਭੇਜ ਦਿੱਤਾ। ਹੁਣ ਇਸ ਮਾਮਲੇ ਤੋਂ ਬਾਅਦ ਅੰਮ੍ਰਿਤਪਾਲ ਦਾ ਪਰਿਵਾਰ ਅਤੇ ਉਸ ਦੀ ਪਤਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ ਇਸ ਸਬੰਧੀ ਖ਼ਬਰਾਂ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਸਾਰੀਆਂ ਕਿਆਰਾਈਆਂ ਵਿਚਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ।
ਜਥੇਦਾਰ ਨੇ ਕਾਰਵਾਈ ਨੂੰ ਦੱਸਿਆ ਗਲਤ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਸਰਕਾਰ ਨੇ ਬਿਨਾਂ ਕਿਸੇ ਕਾਰਣ ਰੋਕਿਆ ਹੈ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਕਿਰਨਦੀਪ ਕੌਰ ਇੰਗਲੈਂਡ ਦੀ ਵਸਨੀਕ ਹੈ ਅਤੇ ਆਪਣੇ ਘਰ ਜਾਂ ਦੇਸ਼ ਨੂੰ ਜਾਣਾ ਹਰ ਕਿਸੇ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿਰਨਦੀਪ ਕੌਰ ਉੱਤੇ ਕੋਈ ਵੀ ਮਾਮਲਾ ਭਾਰਤ ਵਿੱਚ ਦਰਜ ਨਹੀਂ ਹੈ ਅਤੇ ਜੇਕਰ ਉਸ ਉੱਤੇ ਕੋਈ ਮਾਮਲਾ ਭਾਰਤ ਵਿੱਚ ਦਰਜ ਨਹੀਂ ਹੈ ਤਾਂ ਸਰਕਾਰ ਨੂੰ ਕਿਰਨਦੀਪ ਕੌਰ ਨੂੰ ਇਸ ਤਰ੍ਹਾਂ ਰੋਕਣ ਦਾ ਵੀ ਕੋਈ ਹੱਕ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਮਾਮਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਇਮੀਗ੍ਰੇਸ਼ਨ ਦੌਰਾਨ ਰੋਕਿਆ ਗਿਆ:ਦੱਸ ਦਈਏ ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਲਈ ਰਵਾਨਾ ਹੋ ਰਹੀ ਸੀ, ਪਰ ਇਮੀਗ੍ਰੇਸ਼ਨ ਦੌਰਾਨ ਅਧਿਕਾਰੀਆਂ ਵੱਲੋਂ ਉਸ ਨੂੰ ਰੋਕਿਆ ਗਿਆ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਦੀ ਪਤਨੀ ਉਨ੍ਹਾਂ ਦੇ ਸਹੁਰੇ ਪਿੰਡ ਜੱਲੂ ਖੇੜਾ ਵਾਪਿਸ ਪਰਿਵਾਰ ਸਮੇਤ ਪਰਤ ਆਈ ਸੀ। ਪਰਿਵਾਰਕ ਮੈਂਬਰਾਂ ਨੇ ਵਾਪਸ ਪਰਤਣ ਮਗਰੋਂ ਕਿਹਾ ਸੀ ਕਿ ਉਨ੍ਹਾਂ ਨੂੰ ਕਿਉਂ ਰੋਕਿਆ ਗਿਆ ਇਸ ਸਬੰਧੀ ਅਧਿਕਾਰੀਆਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਵਿੱਚ ਚੱਲ ਰਹੀ ਕਾਰਵਾਈ ਕਾਰਨ ਉਸ ਦੀ ਪਤਨੀ ਕੋਲੋਂ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਇੱਕ ਬੰਦ ਕਮਰੇ ਵਿੱਚ ਇਮੀਗ੍ਰੇਸ਼ਨ ਦੇ 8 ਅਧਿਕਾਰੀਆਂ ਵੱਲੋਂ ਕਿਰਨਦੀਪ ਕੋਲੋਂ ਪੁੱਛਗਿੱਛ ਕੀਤੀ ਗਈ।
ਕਿਰਨਦੀਪ ਕੌਰ ਉੱਤੇ ਗੰਭੀਰ ਹਨ ਇਲਜ਼ਾਮ:ਦੱਸ ਦਈਏ ਕਿ ਕਿਰਨਦੀਪ ਐਨਆਰਆਈ ਹੈ, ਉਸ 'ਤੇ ਬਰਤਾਨੀਆਂ ਵਿੱਚ ਬੱਬਰ ਖਾਲਸਾ ਨਾਲ ਸਬੰਧ ਹੋਣ ਅਤੇ ਪੰਜਾਬ ਵਿੱਚ ਫੰਡਿੰਗ ਕਰਨ ਦੇ ਵੀ ਇਲਜ਼ਾਮ ਹਨ। ਹਾਲਾਂਕਿ ਕਿਰਨਦੀਪ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਇਮੀਗ੍ਰੇਸ਼ਨ ਵੱਲੋਂ ਪੁੱਛਗਿੱਛ ਦੌਰਾਨ ਕਿਰਨਦੀਪ ਨੇ ਕਿਹਾ ਕਿ "ਮੈਂ ਕਾਨੂੰਨੀ ਤੌਰ 'ਤੇ ਭਾਰਤ 'ਚ ਰਹਿ ਰਹੀ ਹਾਂ ਤੇ ਮੈਂ ਇੱਥੇ 180 ਦਿਨ ਰਹਿ ਸਕਦੀ ਹਾਂ"। ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਕਿਰਨਦੀਪ ਕੌਰ ਨੇ ਇੱਕ ਮੈਗਜ਼ੀਨ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਅੰਮ੍ਰਿਤਪਾਲ ਨੂੰ ਨਹੀਂ ਛੱਡਾਂਗੀ। ਅੰਮ੍ਰਿਤਪਾਲ ਸਿਰਫ ਧਰਮ ਦਾ ਪ੍ਰਚਾਰ ਕਰ ਰਿਹਾ ਸੀ। ਉਸ ਨੇ ਕੁਝ ਗਲਤ ਨਹੀਂ ਕੀਤਾ, ਉਹ ਬੇਕਸੂਰ ਹੈ। ਅੰਮ੍ਰਿਤਪਾਲ ਨੇ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਅੱਜ ਉਸ ਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:CM Bhagwant Mann live: CM ਭਗਵੰਤ ਮਾਨ ਵੱਲੋਂ ਖਿਡਾਰੀਆਂ ਦਾ ਸਨਮਾਨ, ਜੇਤੂਆਂ ਨੂੰ ਦੇ ਰਹੇ ਕਰੋੜਾਂ ਦੇ ਇਨਾਮ