ਚੰਡੀਗੜ੍ਹ : ਪੰਜਾਬ ਪੁਲਿਸ ਅਤੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਉੱਤਰ ਪ੍ਰਦੇਸ਼ ਪਹੁੰਚੀ ਹੋਈ ਹੈ। ਕਰੀਬ 10 ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਮੋਬਾਈਲ ਲੋਕੇਸ਼ਨ ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਹੀ ਮਿਲੀ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹਨ ਅਤੇ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਗਈ ਹੈ।
ਭਾਰਤ ਤੇ ਨੇਪਾਲ ਬੀਐਸਐਫ ਅਲਰਟ : ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਬਾਰੇ ਨੇਪਾਲ ਅਤੇ ਸਰਹੱਦ ਪਾਰ ਤੋਂ ਚੌਕਸੀ ਵਧਾ ਦਿੱਤੀ ਗਈ ਸੀ ਜਿਸ ਕਾਰਨ ਅੰਮ੍ਰਿਤਪਾਲ ਨੇ ਨੇਪਾਲ ਸਰਹੱਦ ਪਾਰ ਨਾ ਕਰ ਕੇ, ਪੰਜਾਬ ਆਉਣ ਦੀ ਯੋਜਨਾ ਬਣਾਈ। ਹੁਣ ਜਦੋਂ ਉਹ ਮੁੜ ਪੰਜਾਬ ਤੋਂ ਬਾਹਰ ਹੈ, ਤਾਂ ਉਹ ਯੂਪੀ, ਉਤਰਾਖੰਡ ਅਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਡੇਰਿਆਂ ਵਿੱਚ ਜਾ ਕੇ ਸੁਰੱਖਿਅਤ ਥਾਂ ’ਤੇ ਠਹਿਰਿਆ ਹੋ ਸਕਦਾ ਹੈ। ਇਸ ਦੇ ਨਾਲ ਹੀ, ਅੰਮ੍ਰਿਤਪਾਲ ਸਿੰਘ ਬਾਰੇ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਨੇਪਾਲ ਸੁਰੱਖਿਆ ਬਲ ਪਹਿਲਾਂ ਹੀ ਚੌਕਸ ਹੋ ਗਏ ਹਨ।
ਪੀਲੀਭੀਤ ਵਿਖੇ ਗੁਰਦੁਆਰਾ ਸਾਹਿਬ ਚੋਂ ਸੀਸੀਟੀਵੀ 'ਗਾਇਬ' :ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀਲੀਭੀਤ ਦੇ ਮੋਹਨਪੁਰ ਗੁਰਦੁਆਰੇ ਵਿੱਚ 25 ਮਾਰਚ ਤੋਂ ਪਹਿਲਾਂ ਦੇ ਸਾਰੇ ਸੀਸੀਟੀਵੀ ਫੁਟੇਜ ਗਾਇਬ ਕਰ ਦਿੱਤੇ ਗਏ ਹਨ। 26 ਮਾਰਚ ਤੋਂ ਗੁਰਦੁਆਰੇ ਵਿੱਚ ਫੁਟੇਜ ਸ਼ੁਰੂ ਹੋ ਰਹੀ ਹੈ। ਇਸ ਸੀਸੀਟੀਵੀ ਫੁਟੇਜ ਵਿੱਚ ਵੀ ਪੁਲਿਸ ਨੂੰ ਪਤਾ ਲੱਗਾ ਹੈ ਕਿ ਗੁਰਦੁਆਰੇ ਵਿੱਚ ਖੜ੍ਹੀ ਸਕਾਰਪੀਓ ਕਾਰ, ਜੋ ਕਿ ਡੇਰੇ ਦੇ ਮੁਖੀ ਦੇ ਨਾਂਅ ’ਤੇ ਦਰਜ ਹੈ, ਇਸ ਵਿੱਚ ਅੰਮ੍ਰਿਤਪਾਲ ਸਿੰਘ ਯੂਪੀ ਤੋਂ ਪੰਜਾਬ ਪਹੁੰਚਿਆ ਸੀ।