ਅੰਮ੍ਰਿਤਸਰ:ਅੰਮ੍ਰਿਤਪਾਲ ਸਿੰਘ ਨੇ ਅੱਜ ਆਪਣੇ ਪਿੰਡ ਜੱਲੂਪੁਰ ਖੇੜਾ ਵਿੱਚ ਕਿਹਾ ਕਿ ਭਲਕੇ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਜਾਵੇਗਾ, ਕਿਉਂਕਿ ਅਜਨਾਲਾ ਥਾਣੇ ਵਿੱਚ ਉਨ੍ਹਾਂ ਦੇ ਖ਼ਿਲਾਫ਼ ਬੇਵਜ੍ਹਾ ਕੇਸ ਦਰਜ ਕਰ ਲਿਆ ਗਿਆ ਹੈ। ਅਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਕੇਸ ਦਰਜ ਕਰਨ ਨੂੰ ਲੈਕੇ ਸਵਾਲ ਚੁੱਕੇ ਹਨ। ਅੰਮ੍ਰਿਤਪਾਲ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਉੱਤੇ ਬੇਅਦਬੀ ਧਾਰਾ 295ਏ ਉਸ ਸ਼ਖ਼ਸ ਦੀ ਸ਼ਿਕਾਇਤ ਉੱਤੇ ਲਗਾਈ ਹੈ ਜਿਸ ਦਾ ਪਹਿਲਾਂ ਹੀ ਦਿਮਾਗੀ ਇਲਾਜ ਚੰਡੀਗੜ੍ਹ ਦੇ ਪੀ.ਜੀ.ਆਈ ਤੋਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਦਿਮਾਗੀ ਮਰੀਜ਼ ਦੇ ਬਿਆਨ 'ਤੇ ਮੇਰੇ ਸਾਥੀਆਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਰਕਾਰੀ ਏਜੰਟ ਕਿਹਾ ਜਾ ਰਿਹਾ:ਅੰਮ੍ਰਿਤਪਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਮੇਰੇ ਖਿਲਾਫ ਪ੍ਰਾਪੇਗੰਡਾ ਕਰ ਰਹੇ ਹਨ, ਨਾਲ ਹੀ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮੇਰੇ ਖਿਲਾਫ ਬਿਆਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਉਂ ਹਰ ਕੋਈ ਮੇਰੇ ਨਾਲ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਧਰਮ ਲਈ ਲੜ ਰਹੇ ਹਾਂ ਪਰ ਮੈਨੂੰ ਵਿਰੋਧੀਆਂ ਵੱਲੋਂ ਸਰਕਾਰੀ ਏਜੰਟ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹਰ ਕੋਈ ਮੇਰੇ ਖ਼ਿਲਾਫ਼ ਸਾਜ਼ਿਸ਼ ਕਰ ਰਿਹਾ ਅਤੇ ਮੈਨੂੰ ਮਾਰਨ ਲਈ ਸਾਜ਼ਿਸ਼ਾਂ ਹੋ ਰਹੀਆਂ ਨੇ। ਉਨ੍ਹਾਂ ਕਿਹਾ ਰਿਵਾਇਤੀ ਪਾਰਟੀਆਂ ਦੇ ਵੀ ਉਹ ਨਿਸ਼ਾਨੇ ਉੱਤੇ ਹਨ ਪਰ ਫਿਰ ਵੀ ਸਰਕਾਰਾਂ ਖੁੱਦ ਹੀ ਮੈਨੂੰ ਆਪਣਾ ਏਜੰਟ ਵੀ ਦੱਸ ਰਹੀਆਂ ਹਨ।
ਅਜਨਾਲਾ 'ਚ ਥਾਣੇ ਦਾ ਘਿਰਾਓ: ਅੰਮ੍ਰਿਤਪਾਲ ਨੇ ਕਿਹਾ ਅਜਨਾਲਾ ਵਿੱਚ ਪੁਲਿਸ ਨੇ ਮੇਰੇ ਉੱਤੇ ਅਤੇ ਨਾਲ ਹੀ ਮੇਰੇ ਸਾਥੀਆਂ ਉੱਤੇ ਬੇਅਦਬੀ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਧੱਕੇ ਨਾਲ ਉਨ੍ਹਾਂ ਦੇ ਸਾਥੀਆਂ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕੱਲ੍ਹ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਸਿੱਖ ਬੰਦੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਪਰ ਉਨ੍ਹਾਂ ਬੰਦਿਆ ਖ਼ਿਲਾਫ਼ ਪਰਚਾ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈ ਤੁਹਾਨੂੰ ਸਪਸ਼ਟ ਰੂਪ ਵਿੱਚ ਕਿਹੰਦਾ ਹਾਂ ਕਿ ਤੂਫ਼ਾਨ ਸਿੰਘ ਨੂੰ ਗ੍ਰਿਫਤਾਰ ਕਰਨਾ ਇਕ ਅਣਮਨੁੱਖੀ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਉਸ ਦਾ 17 ਦਿਨ ਦਾ ਬੱਚਾ ਹੈ ਉਸ ਨੂੰ ਸੀ ਆਈ ਏ ਸਟਾਫ ਨੇ ਬਿੰਨ੍ਹਾਂ ਕਸੂਰ ਦੱਸ ਚੁੱਕ ਲਿਆ ਅਤੇ ਸਭ ਦੇ ਸਾਹਮਣੇ ਜ਼ਲੀਲ ਕੀਤਾ। ਅੰਮ੍ਰਿਤਪਾਲ ਨੇ ਕਿਹਾ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਹੀ ਅਜਨਾਲਾ ਵਿੱਚ ਥਾਣੇ ਦਾ ਘਿਰਾਓ ਕਰਨਗੇ।