ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ
Daily Hukamnama: ੩੦ ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਅਰਥ:ਧਨਾਸਰੀ ਮਹਲਾ ੧ ॥ ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ), ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ । ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ । ਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ ।੧। ਹੇ ਅੰਨ੍ਹੇ ਲਾਲਚੀ ਤੇ ਝੂਠੇ ਮਨ! (ਧਿਆਨ ਨਾਲ) ਸੁਣ । ਸੱਚਾ ਮਨੁੱਖ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ ।੧।ਰਹਾਉ। ਚੋਰ ਪਿਆ ਸੋਹਣਾ ਬਣੇ ਚਤੁਰ ਬਣੇ (ਪਰ ਆਖ਼ਰ ਉਹ ਚੋਰ ਹੀ ਹੈ ਉਸ ਦੀ ਕਦਰ ਕੀਮਤ ਨਹੀਂ ਪੈਂਦੀ, ਜਿਵੇਂ) ਖੋਟੇ ਰੁਪਏ ਦਾ ਮੁੱਲ ਦੋ ਗੰਢੇ ਕੌਡਾਂ ਹੀ ਹੈ । ਜੇ ਖੋਟੇ ਰੁਪਏ ਨੂੰ (ਖਰਿਆਂ ਵਿਚ) ਰੱਖ ਦੇਈਏ, (ਖਰਿਆਂ ਵਿਚ) ਰਲਾ ਦੇਈਏ, ਤਾਂ ਭੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਉਹ ਖੋਟਾ ਹੀ ਕਿਹਾ ਜਾਂਦਾ ਹੈ ।੨। ਮਨੁੱਖ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਂਦਾ ਹੈ । ਹਰ ਕੋਈ ਆਪ (ਕਰਮਾਂ ਦੇ ਬੀਜ) ਬੀਜ ਕੇ ਆਪ ਹੀ ਫਲ ਖਾਂਦਾ ਹੈ । ਜੇ ਕੋਈ ਮਨੁੱਖ (ਹੋਵੇ ਤਾਂ ਖੋਟਾ, ਪਰ) ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ (ਉਸ ਦਾ ਇਤਬਾਰ ਨਹੀਂ ਬਣ ਸਕਦਾ, ਕਿਉਂਕਿ) ਮਨੁੱਖ ਦੀ ਜਿਹੋ ਜਿਹੀ ਮਨੋ-ਵਾਸਨਾ ਹੈ ਉਹੋ ਜਿਹੇ ਰਸਤੇ ਉਤੇ ਹੀ ਉਹ ਤੁਰਦਾ ਹੈ ।੩। (ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ) ਭਾਵੇਂ ਸਾਰੇ ਸੰਸਾਰ ਨੂੰ ਝੂਠੀਆਂ ਗੱਲਾਂ ਤੇ ਗੱਪਾਂ ਆਖੀ ਜਾਏ (ਪਰ, ਹੇ ਪ੍ਰਭੂ! ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ) । (ਹੇ ਪ੍ਰਭੂ! ਜੇ ਦਿਲ ਦਾ ਖਰਾ ਹੋਵੇ ਤਾਂ) ਇਕ ਸਿੱਧੜ ਮਨੁੱਖ ਭੀ ਤੈਨੂੰ ਪਸੰਦ ਆ ਜਾਂਦਾ ਹੈ, ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ । ਹੇ ਨਾਨਕ! ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ (ਸਭ ਕੁਝ) ਜਾਣਦਾ ਹੈ ।੪।੩।੬।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!