ਅੰਮ੍ਰਿਤਸਰ: ਸਰੀਰਕ ਤੌਰ 'ਤੇ ਦਿਵਯਾਂਗ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਈਟੀਵੀ ਭਾਰਤ ਵੱਲੋਂ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦਿਵਯਾਂਗਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਉਨ੍ਹਾਂ ਨੂੰ ਸਿਰਫ਼ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪੈਨਸ਼ਨ ਵੀ 3-3 ਮਹੀਨਿਆਂ ਬਾਅਦ ਆਉਂਦੀ ਹੈ, ਜਿਸ ਕਰ ਕੇ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਹਨ।
ਹਰਭਜਨ ਸਿੰਘ ਨੇ ਕਿਹਾ ਕਿ ਦਿਵਯਾਂਗਾਂ ਦੇ ਭਾਵੇਂ ਸਰਟੀਫਿਕੇਟ ਬਣੇ ਹਨ ਪਰ ਉਨ੍ਹਾਂ ਨੂੰ ਇਸ ਨਾਲ ਪੈਨਸ਼ਨ ਤੋਂ ਬਿਨ੍ਹਾਂ ਕੋਈ ਸਹੂਲਤ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਜ਼ਿਆਦਾ ਲੋਕਾਂ ਦੇ ਤਾਂ ਵਿਸ਼ੇਸ ਸਹੂਲਤ ਵਾਲੇ ਯੂਆਈਡੀ ਕਾਰਡ ਵੀ ਨਹੀਂ ਬਣੇ। ਉਨ੍ਹਾਂ ਕਿਹਾ ਕਿ ਦਿਵਯਾਂਗਾਂ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੇ ਪੜ੍ਹਨ ਲਈ ਸਕੂਲ ਜਾਂ ਕਾਲਜ ਵਿੱਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਹਰਭਜਨ ਸਿੰਘ ਨੇ ਕਿਹਾ ਕਿ ਦਿਵਯਾਂਗਾਂ ਲਈ ਸਰਕਾਰ ਦੀ ਕੋਈ ਪਾਲਿਸੀ ਨਹੀਂ, ਜਦੋਂਕਿ ਕਿ ਹੋਣਾ ਇਹ ਚਾਹੀਦਾ ਹੈ ਕਿ ਦਿਵਯਾਂਗਾਂ ਦੀ ਘੱਟੋ-ਘੱਟ 5 ਹਜ਼ਾਰ ਪੈਨਸ਼ਨ ਹੋਵੇ ਕਿਉਂਕਿ 750 ਰੁਪਏ ਨਾਲ ਗੁਜ਼ਾਰਾ ਨਹੀਂ ਹੁੰਦਾ।