ਅੰਮ੍ਰਿਤਸਰ: ਅਮਰੀਕਾ ਨੇ ਅਲ ਕਾਇਦਾ ਦੇ ਅੱਤਵਾਦੀ ਮੁਹੰਮਦ ਇਬਰਾਹਿਮ ਜ਼ੁਬੈਰ ਨੂੰ ਭਾਰਤ ਹਵਾਲੇ ਕਰ ਦਿੱਤਾ ਹੈ। ਜ਼ੁਬੈਰ ਨੂੰ 19 ਮਈ ਨੂੰ ਵਿਸ਼ੇਸ਼ ਉਡਾਣ ਰਾਹੀਂ ਭਾਰਤ ਲਿਆਂਦਾ ਗਿਆ ਸੀ ਅਤੇ ਮੌਜੂਦਾ ਸਮੇਂ ਉਸ ਨੂੰ ਅੰਮ੍ਰਿਤਸਰ ਦੇ ਇੱਕ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਗਿਆ ਹੈ।
ਅਮਰੀਕਾ ਨੇ ਅਲਕਾਇਦਾ ਦਾ ਅੱਤਵਾਦੀ ਡਿਪੋਰਟ ਕਰਕੇ ਭੇਜਿਆ ਭਾਰਤ ਇੱਕ ਸਰਕਾਰੀ ਅਧਿਕਾਰੀ ਮੁਤਾਬਿਕ ਜ਼ੁਬੈਰ ਨੂੰ ਬੁੱਧਵਾਰ 19 ਮਈ ਨੂੰ ਭਾਰਤ ਦੇ ਅੰਮ੍ਰਿਤਸਰ ਏਅਰਪੋਰਟ 'ਤੇ ਲਿਆਂਦਾ ਗਿਆ ਸੀ। ਭਾਰਤੀ ਸੁਰੱਖਿਆ ਅਧਿਕਾਰੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਵੀ ਕੀਤੀ ਗਈ ਸੀ ਕਿ ਕੀ ਉਸ ਦਾ ਭਾਰਤ ਵਿੱਚ ਕੋਈ ਅੱਤਵਾਦੀ ਸਬੰਧ ਹੈ ਜਾਂ ਨਹੀਂ।
ਪਹਿਲਾਂ ਜ਼ੁਬੈਰ ਹੈਦਰਾਬਾਦ ਵਿੱਚ ਰਹਿੰਦਾ ਸੀ ਅਤੇ ਅਲ ਕਾਇਦਾ ਦੇ ਅੱਤਵਾਦੀ ਸਮੂਹ ਦੀ ਵਿੱਤ ਸਹਾਇਤਾ ਕਰਨ ਵਿੱਚ ਸ਼ਾਮਲ ਸੀ। ਉਸ ਨੂੰ ਅੱਤਵਾਦੀ ਮਾਮਲਿਆਂ ਵਿੱਚ ਅਮਰੀਕੀ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।
ਦੱਸਣਯੋਗ ਹੈ ਕਿ ਮੁਹੰਮਦ ਇਬਰਾਹਿਮ ਜ਼ੁਬੈਰ ਨੇ ਹੈਦਰਾਬਾਦ ਤੋਂ ਪੜ੍ਹਾਈ ਕੀਤੀ ਹੈ। ਬਾਅਦ ਵਿੱਚ ਉਹ ਅਮਰੀਕਾ ਚਲਾ ਗਿਆ ਅਤੇ ਉਸ ਨੇ ਅਮਰੀਕੀ ਨਾਗਰਿਕਤਾ ਵੀ ਹਾਸਲ ਕਰ ਲਈ। ਉਹ ਅੱਤਵਾਦੀ ਸਮੂਹ ਅਲਕਾਇਦਾ ਵਿੱਚ ਸ਼ਾਮਲ ਹੋ ਗਿਆ ਅਤੇ ਅਰਬ ਪ੍ਰਾਇਦੀਪ ਵਿੱਚ ਅਲ ਕਾਇਦਾ ਦੇ ਇੱਕ ਮਹੱਤਵਪੂਰਨ ਨੇਤਾ ਅਨਵਰ ਅਲ-ਅਲਾਕੀ ਦਾ ਸਹਿਯੋਗੀ ਬਣ ਗਿਆ।
ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਉਹ ਅੱਤਵਾਦੀਆਂ ਨੂੰ ਅਲ ਕਾਇਦਾ ਵਿੱਚ ਭਰਤੀ ਕਰਨ ਲਈ ਜ਼ਿੰਮੇਵਾਰ ਹੈ ਅਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਮਾਹਰ ਹੈ।
ਅਮਰੀਕੀ ਅਦਾਲਤ ਦੇ ਦੋਸ਼-ਪੱਤਰ ਅਨੁਸਾਰ, "ਮੁਹੰਮਦ ਇਬਰਾਹਿਮ ਜ਼ੁਬੈਰ ਨੇ ਅਵਲਾਕੀ ਨੂੰ ਕਰੰਸੀ ਅਤੇ ਵਿੱਤੀ ਸਾਧਨ, ਜਾਇਦਾਦ, ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕੀਤੀ ਹੈ, ਇਹ ਜਾਣਦੇ ਹੋਏ ਕਿ ਇਸ ਦੀ ਵਰਤੋਂ ਇਰਾਕ, ਅਫਗਾਨਿਸਤਾਨ ਅਤੇ ਪੂਰੀ ਦੁਨੀਆ ਵਿੱਚ ਅਮਰੀਕਾ ਅਤੇ ਅਮਰੀਕੀ ਫੌਜ ਦੇ ਖ਼ਿਲਾਫ਼ 'ਹਿੰਸਕ ਜੇਹਾਦ' ਚਲਾਉਣ ਵਿੱਚ ਕੀਤੀ ਜਾਣੀ ਹੈ।"