ਜ਼ਮੀਨ ਪਿਛੇ ਜਵਾਈ 'ਤੇ ਲੱਗੇ ਸਹੁਰੇ ਨੂੰ ਅਗਵਾ ਕਰਨ ਦੇ ਇਲਜ਼ਾਮ ਅੰਮ੍ਰਿਤਸਰ:ਅਕਸਰ ਜ਼ਮੀਨਾਂ ਪਿਛੇ ਭਰਾ ਭਰਾ ਦੀ ਜਾਂ ਪਿਓ ਪੁੱਤ ਦੀ ਲੜਾਈ ਆਮ ਦੇਖਣ ਨੂੰ ਮਿਲ ਜਾਂਦੀ ਹੈ, ਜਿਸ 'ਚ ਇਥੋਂ ਤੱਕ ਕਿ ਵੱਡਾ ਕਾਂਡ ਤੱਕ ਕਰ ਜਾਂਦੇ ਹਨ ਪਰ ਮਾਮਲਾ ਅਜਨਾਲਾ ਦੇ ਪਿੰਡ ਗੋਰੇਨੰਗਲ ਤੋਂ ਸਾਹਮਣੇ ਆਇਆ, ਜਿਥੇ ਜ਼ਮੀਨੀ ਵਿਵਾਦ ਨੂੰ ਲੈਕੇ ਜਵਾਈ 'ਤੇ ਸਹੁਰੇ ਦੀ ਖਿੱਚਧੂਹ ਅਤੇ ਅਗਵਾ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ 'ਚ ਸਹੁਰੇ ਨੂੰ ਗੱਡੀ 'ਚ ਬਿਠਾ ਕੇ ਨਾਲ ਲਿਜਾਂਦੇ ਜਵਾਈ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਜਵਾਈ 'ਤੇ ਲਾਏ ਗੰਭੀਰ ਇਲਜ਼ਾਮ: ਇਸ 'ਚ ਮਨਜੀਤ ਕੌਰ ਦਾ ਕਹਿਣਾ ਕਿ ਉਸ ਦੇ ਪਤੀ ਦਾ ਨਾਮ ਸ਼ਰਮਾ ਸਿੰਘ ਹੈ ਅਤੇ ਉਸ ਦੀਆਂ ਦੋ ਧੀਆਂ ਹਨ। ਉਸ ਨੇ ਦੱਸਿਆ ਕਿ ਇੱਕ ਜਵਾਈ ਉਨ੍ਹਾਂ ਦੀ ਸੇਵਾ ਕਰਦਾ ਹੈ, ਜਦਕਿ ਦੂਜਾ ਜਵਾਈ ਮਹਾਵੀਰ ਸਿੰਘ ਸੇਵਾ ਨਹੀਂ ਕਰਦਾ। ਉਨ੍ਹਾਂ ਦੱਸਿਆ ਕਿ ਜਵਾਈ ਧੱਕੇ ਨਾਲ ਉਨ੍ਹਾਂ ਦੇ ਪਤੀ ਨੂੰ ਗੱਡੀ 'ਚ ਬਿਠਾ ਕੇ ਆਪਣੇ ਨਾਲ ਲੈ ਗਿਆ ਤਾਂ ਜੋ ਉਹ ਜ਼ਮੀਨ ਆਪਣੇ ਨਾਮ ਕਰਵਾ ਸਕੇ। ਮਹਿਲਾ ਦਾ ਕਹਿਣਾ ਕਿ ਉਹ ਜਿਉਂਦੇ ਜੀਅ ਕਿਸੇ ਨੂੰ ਜ਼ਮੀਨ ਨਹੀਂ ਦੇਣਾ ਚਾਹੁੰਦੇ। ਇਸ 'ਚ ਮਹਿਲਾ ਨੇ ਆਪਣੇ ਪਤੀ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ:ਉਧਰ ਪੀੜਤ ਦੀ ਧੀ ਮਨਦੀਪ ਕੌਰ ਦਾ ਕਹਿਣਾ ਕਿ ਉਸ ਦਾ ਜੀਜਾ ਜ਼ਬਰਦਸਤੀ ਪਿਓ ਨੂੰ ਚੁੱਕ ਕੇ ਆਪਣੇ ਨਾਲ ਲੈ ਗਿਆ। ਉਸ ਦਾ ਕਹਿਣਾ ਕਿ ਜੀਜੇ ਨੇ ਭੈਣ ਨਾਲ ਵੀ ਧੱਕਾ ਕੀਤਾ ਹੈ, ਜਦਕਿ ਮੇਰੀ ਭੈਣ ਜੀਜੇ ਦੇ ਨਾਲ ਨਹੀਂ ਜਾਣਾ ਚਾਹੁੰਦੀ ਸੀ। ਇਸ ਦੇ ਨਾਲ ਹੀ ਮਨਦੀਪ ਕੌਰ ਦਾ ਇਲਜ਼ਾਮ ਹੈ ਕਿ ਪੁਲਿਸ ਨੂੰ ਉਨ੍ਹਾਂ ਸ਼ਿਕਾਇਤ ਦਿੱਤੀ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ 'ਚ ਉਸ ਦੇ ਪਿਤਾ ਨੂੰ ਕੁਝ ਹੁੰਦਾ ਤਾਂ ਪੁਲਿਸ ਜ਼ਿੰਮੇਵਾਰ ਹੋਵੇਗੀ।
ਇਲਾਜ ਲਈ ਸਹੁਰੇ ਨੂੰ ਲਿਆਇਆ ਨਾਲ: ਉਥੇ ਹੀ ਦੂਜੇ ਪਾਸੇ ਮਹਾਵੀਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਜਿਸ 'ਚ ਉਸ ਦਾ ਕਹਿਣਾ ਕਿ ਸਾਲੀ ਅਤੇ ਸਾਂਢੂ ਵਲੋਂ ਸਹੁਰੇ ਦਾ ਇਲਾਜ਼ ਨਹੀਂ ਕਰਵਾਇਆ ਜਾ ਰਿਹਾ ਸੀ ਤੇ ਉਹ ਜ਼ਮੀਨ ਨੂੰ ਹੜੱਪ ਦਾ ਮਨ ਬਣਾ ਚੁੱਕੇ ਸੀ, ਜਿਸ ਦੇ ਚੱਲਦੇ ਉਹ ਬਾਪੂ ਜੀ ਨੂੰ ਆਪਣੇ ਨਾਲ ਲੈ ਆਇਆ ਹੈ। ਜਿਸ ਸਬੰਧੀ ਉਸ ਨੇ ਕਿਸੇ ਨਿੱਜੀ ਹਸਪਤਾਲ ਦੀ ਲੈਟਰ ਤੱਕ ਦਿਖਾ ਦਿੱਤੀ।
ਦੋਵੇ ਪੱਖਾਂ ਦੀ ਕਰ ਰਹੇ ਜਾਂਚ: ਇਸ ਪੂਰੇ ਮਾਮਲੇ ਦੀ ਜਾਂਚ ਕਰਦਿਆਂ ਅਜਨਾਲਾ ਡੀਐਸਪੀ ਸੰਜੀਵ ਕੁਮਾਰ ਦਾ ਕਹਿਣਾ ਕਿ ਮਨਦੀਪ ਕੌਰ ਨੇ ਆਪਣੇ ਜੀਜੇ ਖਿਲਾਫ਼ ਪਿਓ ਨੂੰ ਅਗਵਾ ਕਰਨ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਸ ਨੂੰ ਅਮਲ 'ਚ ਲਿਆਂਦਾ ਜਾਵੇਗਾ।