ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੇ ਨਾਲ ਹੀ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਕੋਵਿਡ-19: ਦਰਬਾਰ ਸਾਹਿਬ ਵਿੱਚ ਮਨੁੱਖਤਾ ਦੇ ਭਲੇ ਲਈ ਕੀਤੀ ਗਈ ਅਰਦਾਸ - coronavirus update
ਦੇਸ਼ ਵਿੱਚ ਕੋਰੋਨਾ ਵਾਇਰਸ ਕਰਕੇ ਜਿੱਥੇ ਵੱਡੇ-ਵੱਡੇ ਧਾਰਮਿਕ ਅਦਾਰੇ ਬੰਦ ਕਰ ਦਿਤੇ ਗਏ ਹਨ, ਉੱਥੇ ਹੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਖੁੱਲ੍ਹਾ ਹੈ। ਇਸ ਤਹਿਤ ਹੀ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਅਖੰਡ ਪਾਠਾਂ ਦੇ ਭੋਗ ਪਾਏ ਗਏ।
ਉੱਥੇ ਹੀ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਦੇ ਮੈਂਬਰ ਪ੍ਰੋਫ਼ੈਸਰ ਬਲਜਿੰਦਰ ਸਿੰਘ, ਪੰਜ ਪਿਆਰੇ ਸਾਹਿਬਾਨਾਂ 'ਚੋਂ ਸਤਨਾਮ ਸਿੰਘ, ਮਹਾਂਵੀਰ ਸਿੰਘ ਅਕਾਲ ਖ਼ਾਲਸਾ ਦਲ ਤੇ ਉਨ੍ਹਾਂ ਦੇ ਸਾਥੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ। ਇਸ ਮੌਕੇ ਜਿੱਥੇ ਜਪੁਜੀ ਸਾਹਿਬ ਦਾ ਪਾਠ ਹੋਇਆ, ਸਿਮਰਨ ਤੋਂ ਬਾਅਦ ਗੁਰੂ ਦੇ ਚਰਨਾਂ ਵਿੱਚ ਮਨੁੱਖਤਾ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਨਿਜਾਤ ਲਈ ਅਰਦਾਸ ਕੀਤੀ।
ਅਰਦਾਸ ਤੋਂ ਬਾਅਦ ਪ੍ਰੋ. ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਅਕਾਲ ਤਖ਼ਤ ਸਾਹਿਬ ਦੀ ਛੱਤਰ-ਛਾਇਆ ਅਜਿਹੀ ਕਿ ਕੋਈ ਬਿਮਾਰੀ ਜਾਂ ਵਾਇਰਸ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਨਹੀਂ ਟੱਪ ਸਕਦਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਪਵਿੱਤਰ ਜਲ ਨਾਲ ਅਨੇਕਾਂ ਰੋਗਾਂ ਤੋਂ ਨਿਜਾਤ ਮਿਲਦੀ ਹੈ। ਪਿਆਰਾ ਸਤਨਾਮ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਸਭ ਰੋਗ ਕੱਟਣ ਦੇ ਸਮੱਰਥ ਹਨ।