ਅੰਮ੍ਰਿਤਸਰ: ਕਾਂਗਰਸ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੱਲੋਂ ਇੱਕ ਵਾਰ ਫਿਰ ਤੋਂ ਅਕਾਲੀ ਦਲ ਉੱਤੇ ਸ਼ਬਦੀ ਹਮਲੇ ਕੀਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਤੇ ਬੋਲਦਿਆਂ ਵੇਰਕਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੇ ਕਿਸੇ ਦਾ ਘਿਰਾਓ ਕਰਨਾ ਹੈ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘਿਰਾਓ ਕਰਨ ਕਿਉਂਕਿ ਅਕਾਲੀ ਦਲ ਅਤੇ ਭਾਜਪਾ ਦੋਵੇਂ ਮਿਲੇ ਹੋਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਤੇ ਵੀ ਬੋਲਦਿਆਂ ਕਿਹਾ ਕਿ ‘ਆਪ’ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ ਕਿਉਂਕਿ ‘ਆਪ’ ਵੱਲੋਂ ਦਿੱਲੀ ‘ਚ ਕਿਸਾਨਾਂ ਲਈ ਕੋਈ ਵੀ ਲੋੜਵੰਦ ਚੀਜ਼ਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਹੁਣ ਤੱਕ ਦਿੱਲੀ ਸਰਕਾਰ ਵੱਲੋਂ ਉਥੇ ਐਂਬੂਲੈਂਸ ਵੀ ਨਹੀਂ ਮੁਹੱਇਆ ਕਰਵਾਈ ਗਈ।