ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਕੇ ਆਪਣਾ 103ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਸਮੇਤ ਪਾਰਟੀ ਦੇ ਸਾਰੇ ਸੀਨੀਅਰ ਆਗੂ ਅੰਮ੍ਰਿਤਸਰ ਵਿੱਚ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਅਤੇ ਵੀਰਵਾਰ ਨੂੰ ਭੋਗ ਪਾਏ ਜਾਣਗੇ। ਅੱਜ ਸ੍ਰੀ ਹਰਿਮੰਦਰ ਸਾਹਿਬ 'ਚ ਅਰਦਾਸ ਤੋਂ ਬਾਅਦ ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਲਈ ਸਿਰਫ਼ 3 ਸਾਲ ਬਾਕੀ ਹਨ। ਮੁੱਖ ਮੰਤਰੀ ਦੀ ਪਤਨੀ ਪਟਿਆਲਾ ਵਿੱਚ ਕੇਬਲ ਅਪਰੇਟਰਾਂ ਦੇ ਕਬਜ਼ੇ ਵਿੱਚ ਮੋਹਰੀ ਹੈ।
ਅਕਲੀ ਲੀਡਰਾਂ 'ਤੇ ਕਰ ਰਹੇ ਝੂਠੇ ਪਰਚੇ: ਸੁਖਬੀਰ ਬਾਦਲ ਨੇ ਕਿਹਾ-ਭਗਵੰਤ ਮਾਨ ਨੂੰ ਅਕਾਲੀ ਦਲ ਦਾ ਇਤਿਹਾਸ ਨਹੀਂ ਪਤਾ। ਜਿੰਨਾ ਇਸ ਨੂੰ ਦਬਾਓਗੇ, ਉਨਾਂ ਹੀ ਅਕਾਲੀ ਦਲ ਉਭਰੇਗਾ। ਭਗਵੰਤ ਮਾਨ ਦੀ ਸਰਕਾਰ ਨੇ ਪਹਿਲਾਂ ਅਕਾਲੀ ਆਗੂ ਬੰਟੀ ਰੋਮਾਣਾ 'ਤੇ ਝੂਠਾ ਕੇਸ ਦਰਜ ਕੀਤਾ, ਫਿਰ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਮਜੀਠੀਆ 'ਤੇ ਝੂਠਾ ਕੇਸ ਦਰਜ ਕੀਤਾ ਗਿਆ। CM ਖੁਦ ਇਸ 'ਚ ਸ਼ਾਮਲ ਹਨ, ਪਰ ਇਸ 'ਚ ਹੋਇਆ ਕੀ? ਹਾਈਕੋਰਟ ਨੇ ਪੂਰੇ ਮਾਮਲੇ 'ਤੇ ਸਟੇਅ ਦੇ ਦਿੱਤਾ ਹੈ।
ਦੋ ਸਾਲ ਕਾਰਵਾਈ ਨਹੀਂ ਤੇ ਹੁਣ ਮਜੀਠੀਆ ਨੂੰ ਸੰਮਨ: ਉਨ੍ਹਾਂ ਕਿਹਾ ਕਿ ਹੁਣ ਬਿਕਰਮ ਮਜੀਠੀਆ ਨੂੰ ਡਰੱਗ ਮਾਮਲੇ ਵਿੱਚ ਸੰਮਨ ਭੇਜੇ ਗਏ ਹਨ। ਸਰਕਾਰ ਨੇ ਦੋ ਸਾਲ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ। ਇੱਥੋਂ ਤੱਕ ਕਿ ਚਾਰਜਸ਼ੀਟ ਵੀ ਪੇਸ਼ ਨਹੀਂ ਕੀਤੀ ਗਈ। ਜਦੋਂ ਬਿਕਰਮ ਮਜੀਠੀਆ ਲਗਾਤਾਰ 'ਆਪ' ਸਰਕਾਰ ਖਿਲਾਫ ਬੋਲਦੇ ਰਹੇ ਤਾਂ ਉਨ੍ਹਾਂ ਨੂੰ ਸੰਮਨ ਭੇਜੇ ਗਏ। ਅਜਿਹੇ ਸੰਮਨ ਕਦੋਂ ਤੱਕ ਭੇਜੇ ਜਾਣਗੇ? ਇਸ ਨਾਲ ਕੁਝ ਨਹੀਂ ਹੋਣ ਵਾਲਾ ਹੈ।