ਅੰਮ੍ਰਿਤਸਰ: ਪੰਜਾਬ ਵਾਸੀਆਂ ਨੂੰ ਹੁਣ ਲੰਦਨ ਜਾਣ ਲਈ, ਦਿੱਲੀ ਏਅਰਪੋਟ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ 31 ਅਕਤੂਬਰ ਤੋਂ ਰਾਜਾਸਾਂਸੀ ਏਅਰਪੋਟ ਤੋਂ ਲੰਦਨ ਤੱਕ ਦੀ ਫ਼ਲਾਇਟ ਸ਼ੁਰੂ ਹੋ ਚੁੱਕੀ ਹੈ। ਏਅਰ ਇੰਡੀਆ ਦੀ ਇਹ ਉੜਾਨ ਬਹੁਤ ਹੀ ਖ਼ਾਸ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਏਅਰ ਇੰਡੀਆ ਦੇ ਜਹਾਜ਼ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਓਕਾਰ ਲਿਖਿਆ ਹੋਇਆ ਹੈ।
ਰੱਬ ਦੀ ਦਾਤ ਤਾਂ ਵੇਖੋ ਜਿਹੜੀ ਫ਼ਲਾਇਟ 31 ਅਕਤੂਬਰ ਨੂੰ ਸਵੇਰੇ ਰਾਜਾਸਾਂਸੀ ਏਅਰਪੋਟ ਤੋਂ ਰਵਾਨਾ ਹੋਈ ਉਸ ਦਾ ਸਬੰਧ 13 ਦਾ ਨਾਲ ਸੀ। 13 ਹੀ 13 ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼, ਇਸ 13 ਦਾ ਸਬੰਧ ਫ਼ਲਾਇਟ ਦੇ ਨਾਲ ਬੜੀ ਹੀ ਸ਼ੁਭ ਗੱਲ ਹੈ। ਐਮਪੀ ਗੁਰਜੀਤ ਔਜਲਾ ਨੇ ਫ਼ੇਸਬੁੱਕ 'ਤੇ ਵੀਡੀਓ ਪਾ ਕੇ ਦੱਸਿਆ ਕਿ ਫ਼ਲਾਇਟ ਦਾ ਨਬੰਰ 1313, ਰਾਜਾਸਾਂਸੀ ਏਅਰਪੋਟ ਤੋਂ 13 ਨਬੰਰ ਗੇਟ ਤੋਂ ਫ਼ਲਾਇਟ ਗਈ ਅਤੇ 13 ਨਬੰਰ ਗੇਟ 'ਤੇ ਹੀ ਲੈਂਡ ਕੀਤੀ।
ਦੱਸ ਦਈਏ ਕਿ ਗੁਰਜੀਤ ਔਜਲਾ ਨੇ ਹੀ ਸੰਸਦ ਦੇ ਵਿੱਚ ਰਾਜਾਸਾਂਸੀ ਏਅਰਪੋਟ ਤੋਂ ਅੰਤਰਰਾਸ਼ਟਰੀ ਉੜਾਨਾਂ ਦਾ ਮੁੱਦਾ ਚੁੱਕਿਆ ਸੀ। ਅੰਮ੍ਰਿਤਸਰ ਤੋਂ ਲੰਦਨ ਦੀ ਪਹਿਲੀ ਫ਼ਲਾਇਟ ਨੂੰ ਰਵਾਨਾ ਕਰਨ ਦੇ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਆਪਣੀ ਖੁਸ਼ੀ ਨੂੰ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਪੰਜਾਬ ਵਾਸੀਆਂ ਦੀ ਮਨੋਕਾਮਨਾ ਪੂਰੀ ਹੋਈ ਹੈ।
ਸਿਆਸਤਦਾਨਾਂ ਤੋਂ ਇਲਾਵਾ ਕ੍ਰਿਕੇਟਰ ਹਰਭਜਨ ਸਿੰਘ ਵੀ ਅੰਮ੍ਰਿਤਸਰ ਤੋਂ ਲੰਦਨ ਦੀ ਪਹਿਲੀ ਫ਼ਲਾਇਟ ਨੂੰ ਰਵਾਨਗੀ ਦੇਣ ਪੁੱਜੇ। ਉਨ੍ਹਾਂ ਕਿਹਾ ਕਿ ਉਹ ਲੰਦਨ ਨਹੀਂ ਜਾ ਰਹੇ ਏਅਰ ਇੰਡੀਆ ਦੇ ਕਰਮਚਾਰੀ ਹੋਣ ਦੇ ਨਾਤੇ ਉਹ ਯਾਤਰੀਆਂ ਨੂੰ ਮਿਲਣ ਲਈ ਆਏ ਹਨ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਗੁਰੂ ਪੁਰਬ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਹ ਫ਼ਲਾਇਟ ਅਤੇ ਪਹਿਲੀ ਹੀ ਫਲਾਇਟ ਦਾ 13 ਨਾਲ ਸਬੰਧ ਸਿੱਖ ਸੰਗਤਾਂ ਲਈ ਤੋਹਫ਼ਾ ਹੈ।