ਅੰਮ੍ਰਿਤਸਰ : ਬੇਖੌਫ ਲੁਟੇਰਿਆਂ ਵਲੋਂ ਬਟਾਲਾ ਅੰਮ੍ਰਿਤਸਰ ਮੁੱਖ ਮਾਰਗ ਤੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਡਿਊਟੀ ਤੇ ਜਾ ਰਹੇ ਇੱਕ ਏਅਰਫੋਰਸ ਕਰਮਚਾਰੀ ਨੂੰ ਨਿਸ਼ਾਨਾ ਬਣਾਈਆ ਗਿਆ। ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਉਸ ਕੋਲੋਂ ਮੋਟਰਸਾਈਕਲ, ਮੋਬਾਈਲ, ਨਕਦੀ, ਏਅਰਫੋਰਸ ਦੀ ਵਰਦੀ ਸਮੇਤ ਹੋਰ ਸਮਾਨ ਖੋਹ ਲਿਆ। ਜਿਸ ਤੋ ਬਾਅਦ ਉਕਤ ਘਟਨਾ ਵਿੱਚ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਕੱਥੂਨੰਗਲ ਦੀ ਪੁਲਿਸ ਚੌਂਕੀ ਜੈਂਤੀਪੁਰ ਦੇ ਇੰਚਾਰਜ ਵੱਲੋਂ ਮੋਬਾਇਲ ਟਰੈਕਿੰਗ ਦੇ ਆਧਾਰ 'ਤੇ 2 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ।
ਲੁਟੇਰਿਆਂ ਨੇ ਇਸ ਤਰ੍ਹਾਂ ਕੀਤੀ ਲੁੱਟ: ਪੁਲਿਸ ਚੌਂਕੀ ਜੈਂਤੀਪੁਰ ਦੇ ਇੰਚਾਰਜ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਿਮਰਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਖੇਹਿਰਾ ਕੋਟਲੀ ਜੋ ਏਅਰ ਫੋਰਸ ਵਿੱਚ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਡਿਊਟੀ ਕਰਦਾ ਹੈ ਅਤੇ ਬੀਤੇ ਸ਼ਾਮ ਪਿੰਡ ਖੈਹਿਰਾ ਕੋਟਲੀ ਤੋ ਰਾਜਾਸਾਂਸੀ ਨੂੰ ਜਾ ਰਿਹਾ ਸੀ। ਸ਼ਿਕਾਇਤਕਰਤਾ ਏਅਰਫੋਰਸ ਕਰਮਚਾਰੀ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਕਰੀਬ 8:40 ਵਜੇ ਉਹ ਜਦ ਪਿੰਡ ਲਹਿਰਕਾ ਮੌੜ ਦੇ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਚਿੱਟੇ ਰੰਗ ਦੀ ਕਾਰ, ਜਿਸ ਵਿੱਚ ਕਰੀਬ 4 ਨੌਜਵਾਨ ਸਵਾਰ ਸਨ। ਉਨ੍ਹਾਂ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਕੇ ਸੁੱਟ ਦਿੱਤਾ ਅਤੇ ਰਿਵਾਲਵਰ ਦਿਖਾ ਕੇ ਬੈਗ ਕਿੱਟ ਜਿਸ ਵਿੱਚ ਉਸਦੀ ਵਰਦੀ ਸੀ, ਮੋਬਾਇਲ, ਮੋਟਰ ਸਾਈਕਲ ਅਤੇ ਪਰਸ ਖੋਹ ਕੇ ਗੱਡੀ ਸਮੇਤ ਅੰਮ੍ਰਿਤਸਰ ਵੱਲ ਨੂੰ ਫਰਾਰ ਹੋ ਗਏ।