ਅੰਮ੍ਰਿਤਸਰ: ਧੁੰਦ ਦੀ ਚਿੱਟੀ ਚਾਦਰ ਛਾਈ ਹੋਈ ਹੈ ਤੇ ਇਸ ਨਾਲ ਜਿਥੇ ਸੜਕੀ ਆਵਾਜ਼ਾਈ ਦੀ ਰਫ਼ਤਾਰ ਘੱਟ ਹੋਈ ਹੈ ਤਾਂ ਉਥੇ ਹੀ ਹਵਾਈ ਉਡਾਣਾਂ ਵੀ ਇਸ ਤੋਂ ਪ੍ਰਭਾਵਿਤ ਹੋਈਆਂ ਹਨ। ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਕਈ ਉਡਾਣਾਂ ਦੇਰੀ ਨਾਲ ਚੱਲਣ ਦੀ ਸੂਚਨਾ ਹੈ। ਅੰਮ੍ਰਿਤਸਰ 'ਚ ਸੋਮਵਾਰ ਨੂੰ ਸੰਘਣੀ ਧੁੰਦ ਨਾਲ ਸਰਦੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ। ਮੰਗਲਵਾਰ ਨੂੰ ਸਥਿਤੀ ਹੋਰ ਵੀ ਖਰਾਬ ਹੋ ਗਈ।
ਸੋਮਵਾਰ ਸ਼ਾਮ ਤੋਂ ਹੀ ਧੁੰਦ ਦਾ ਕਹਿਰ:ਮੰਗਲਵਾਰ ਦੀ ਸਵੇਰ ਤਾਂ ਬਿਨਾਂ ਧੁੰਦ ਤੋਂ ਸ਼ੁਰੂ ਹੋਈ ਪਰ 8 ਵੱਜਦੇ ਤੱਕ ਹੀ ਹਰ ਪਾਸੇ ਸੰਘਣੀ ਧੁੰਦ ਪਸਰ ਗਈ। ਜਦਕਿ ਸੋਮਵਾਰ ਸ਼ਾਮ ਤੋਂ ਹੀ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਧੁੰਦ ਨੇ ਕਹਿਰ ਮਚਾਇਆ ਹੋਇਆ ਹੈ। ਇਸ ਦੇ ਨਾਲ ਹੀ ਮੰਗਲਵਾਰ ਭਾਵ ਅੱਜ ਕਈ ਥਾਵਾਂ 'ਤੇ ਜ਼ੀਰੋ ਵਿਜ਼ੀਬਿਲਟੀ ਵੀ ਦਰਜ ਕੀਤੀ ਗਈ।
ਫਲਾਈਟਾਂ ਰੱਦ ਅਤੇ ਬਦਲੇ ਸਮੇਂ:ਇਸ ਦੇ ਨਾਲ ਹੀ ਧੁੰਦ ਦਾ ਅਸਰ ਹਵਾਈ ਉਡਾਣਾਂ 'ਤੇ ਵੀ ਰਿਹਾ। ਜਿਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੰਗਲਵਾਰ ਨੂੰ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਦੀ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ। ਇਹ ਫਲਾਈਟ ਰਾਤ ਨੂੰ 2.30 ਵਜੇ ਰਵਾਨਾ ਹੁੰਦੀ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਮਲੇਸ਼ੀਆ ਜਾਣ ਵਾਲੀ 3.30 ਦੀ ਫਲਾਈਟ ਨੂੰ ਵੀ ਰੱਦ ਕਰ ਦਿੱਤਾ ਗਿਆ। ਉਥੇ ਹੀ ਸ਼੍ਰੀਨਗਰ ਜਾਣ ਵਾਲੀ ਫਲਾਈਟ ਦਾ ਸਮਾਂ ਬਦਲਿਆ ਗਿਆ। ਇਹ ਫਲਾਈਟ ਹੁਣ 13.50 'ਤੇ ਰਵਾਨਾ ਕੀਤੀ ਗਈ। ਦਿੱਲੀ ਲਈ 12 ਵਜੇ ਦੀ ਫਲਾਈਟ 13.05 'ਤੇ ਰਵਾਨਾ ਕੀਤੀ ਗਈ। ਦਿੱਲੀ ਤੋਂ ਵੀ ਲਗਭਗ 30 ਉਡਾਣਾਂ ਨੂੰ ਵੀ ਰੱਦ ਕੀਤਾ ਗਿਆ ਅਤੇ ਮੁੜ ਸਮਾਂ-ਸਾਰਣੀ ਕੀਤੀ ਗਈ ਹੈ।
ਆਮ ਨਾਲੋਂ ਤਿੰਨ ਡਿਗਰੀ ਘੱਟ:ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਘੱਟ ਚੱਲ ਰਿਹਾ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਭਰ 'ਚ ਵੀ ਕਈ ਥਾਵਾਂ 'ਤੇ ਧੁੰਦ ਹੋਣ ਕਾਰਨ ਆਵਾਜ਼ਾਈ ਪ੍ਰਭਾਵਿਤ ਹੋਈ ਹੈ ਅਤੇ ਲੋਕ ਦਿਨ ਸਮੇਂ ਹੀ ਗੱਡੀ ਦੀਆਂ ਲਾਈਟਾਂ ਚਲਾ ਕੇ ਸਫ਼ਰ ਕਰਦੇ ਨਜ਼ਰ ਆਏ।