ਅੰਮ੍ਰਿਤਸਰ: ਪਿਛਲੇਂ ਦਿਨੀਂ ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਆਪਣੇ ਇੱਕ ਗੀਤ ਵਿੱਚ ਕੋਰੋਨਾ ਨੂੰ ਲੈ ਕੇ ਕੁੱਝ ਸਤਰਾਂ ਬੋਲੀਆਂ ਗਈਆਂ ਸਨ। ਇਨ੍ਹਾਂ ਸਤਰਾਂ ਵਿੱਚ ਗਾਇਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਭੱਦਰ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਪ੍ਰੀਤ ਹਰਪਾਲ ਦੀ ਇਨ੍ਹਾਂ ਸਤਰਾਂ ਵਾਲੀ ਵੀਡੀਓ ਸੋਸ਼ਲ ਮੀਡਿਆ ਉੱਤੇ ਕਾਫ਼ੀ ਵਾਇਰਲ ਵੀ ਹੋਈ ਸੀ। ਇਸ ਨੂੰ ਲੈ ਕੇ ਗਾਇਕ ਪ੍ਰੀਤ ਹਰਪਾਲ ਅਕਾਲ ਤਖ਼ਤ ਸਾਹਿਬ ਵਿਖੇ ਮੁਆਫ਼ੀ ਮੰਗਣ ਦੇ ਲਈ ਪੁੱਜੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਪ੍ਰੀਤ ਹਰਪਾਲ ਨੇ ਕਿਹਾ ਕਿ ਉਹ ਸਿੱਖ ਧਰਮ ਵਿੱਚ ਜਨਮੇ ਹਨ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰਿਆਂ ਗੁਰੂ ਸਾਹਿਬਾਨਾਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਵੱਲੋਂ ਆਪਣੇ ਬੱਚਿਆਂ ਦੇ ਕਹਿਣ 'ਤੇ ਅਣਜਾਣਪੁਣੇ ਵਿੱਚ ਸ੍ਰੀ ਗੁਰੂ ਨਾਨਕ ਜੀ ਬਾਰੇ ਗ਼ਲਤ ਸਤਰਾਂ ਬੋਲੀਆਂ ਗਈਆਂ, ਜਿਸ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ ਕੀਤਾ ਗਿਆ।
ਪ੍ਰੀਤ ਹਰਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵੀ ਦੋਵੇਂ ਵਕਤ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਤੇ ਉਸ ਦੇ ਬੱਚੇ ਸਿੱਖੀ ਸਰੂਪ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੋਲੀਆਂ ਹੋਈਆਂ ਸਤਰਾਂ ਦਾ ਸਿੱਖ ਸੰਗਤ ਵਿੱਚ ਵਿਰੋਧ ਤੋਂ ਬਾਅਦ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰੀਕੇ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਨ। ਇਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਮੁਆਫ਼ੀਨਾਮਾ ਲੈ ਕੇ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਸਜ਼ਾ ਲਾਈ ਜਾਵੇਗੀ, ਉਹ ਉਨ੍ਹਾਂ ਨੂੰ ਮੰਨਜ਼ੂਰ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੌਜੂਦ ਨਹੀਂ ਸਨ ਤੇ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਪ੍ਰੀਤ ਹਰਪਾਲ ਦਾ ਮੁਆਫ਼ੀਨਾਮਾ ਲਿਆ ਗਿਆ।