ਅੰਮ੍ਰਿਤਸਰ :ਪੰਜਾਬ ਵਿੱਚ ਧੜੱਲੇ ਨਾਲ ਵਿਕ ਰਹੇ ਨਸ਼ੇ ਖਿਲਾਫ ਪੁਲਿਸ ਪ੍ਰਸ਼ਾਸਨ ਠੱਲ੍ਹ ਪਾਉਣ ਲਈ ਸਖਤੀ ਨਾਲ ਲੱਗਿਆ ਹੋਇਆ ਹੈ। ਉਥੇ ਹੀ ਨਸ਼ੇ ਖਿਲਾਫ ਆਮ ਜਨਤਾ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਜੁਟੀਆਂ ਹੋਈਆਂ ਹਨ। ਇਸੇ ਤਹਿਤ ਪੰਜਾਬੀ ਅਦਾਕਾਰ ਅਤੇ ਸੋਨੀਆ ਮਾਨ ਵੱਲੋਂ ਵੀ ਨਸ਼ੇ ਖਿਲਾਫ ਆਵਾਜ਼ ਬੁਲੰਦ ਕੀਤੀ ਹੋਈ ਹੈ। ਇਸ ਸਬੰਧੀ ਉਹਨਾਂ ਬੀਤੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਤੇ ਉਥੇ ਹੀ ਅੰਮ੍ਰਿਤਸਰ ਦੇ ਨਜ਼ਦੀਕ ਅਤੇ ਖਾਸ ਤੌਰ 'ਤੇ ਰਾਜਾਸਾਂਸੀ ਦੇ ਨਜ਼ਦੀਕ ਪੈਂਦੇ ਪਿੰਡ ਨੂੰ ਲੈ ਕੇ ਜੋ ਲੋਕ ਨਸ਼ਾ ਵੇਚਦੇ ਹਨ, ਉਹਨਾਂ ਦੀ ਇੱਕ ਲਿਸਟ ਵੀ ਸੋਨੀਆ ਮਾਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ।
ਜਾਨ ਤੋਂ ਮਾਰਨ ਦੀਆਂ ਮਿਲਦੀਆਂ ਹਨ ਧਮਕੀਆਂ :ਇਸ ਮੌਕੇ ਅਦਾਕਾਰਾ ਸੋਨੀਆ ਮਾਨ ਨੇ ਦੱਸਿਆ ਕਿ ਜਦੋਂ ਤੋਂ ਉਹ ਨਸ਼ੇ ਖਿਲਾਫ ਡਟੇ ਹੋਏ ਹਨ, ਉਦੋਂ ਤੋਂ ਹੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਮੈਨੂੰ ਧਮਕੀ ਭਰੇ ਫੋਨ ਆਉਂਦੇ ਹਨ ਅਤੇ ਜਦੋਂ ਬਾਹਰ ਕੀਤੇ ਵੀ ਜਾਵੇ ਤਾਂ ਗੱਡੀਆਂ ਉਹਨਾਂ ਦਾ ਪਿੱਛਾ ਵੀ ਕਰਦੀਆਂ ਹਨ। ਅਦਾਕਾਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦਾ ਜੋ ਵਚਨ ਲਿਆ ਹੈ ਉਸਨੂੰ ਪੂਰਾ ਕਰਕੇ ਹੀ ਪਿੱਛੇ ਹਟਾਂਗੇ, ਭਾਵੇਂ ਜਾਨ ਕਿਉਂ ਨਾ ਚਲੀ ਜਾਵੇ।