ਅੰਮ੍ਰਿਤਸਰ :ਮਣੀਪੁਰ ਹਿੰਸਾ ਨੂੰ ਲੈਕੇ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ। ਇਸ ਨੂੰ ਲੈਕੇ ਆਮ ਆਦਮੀ ਤੋਂ ਲੈਕੇ ਵੱਡੇ ਆਗੂਆਂ ਅਤੇ ਵੱਡੀਆਂ ਹਸਤੀਆਂ ਨੇ ਵੀ ਰੋਸ ਪ੍ਰਗਟਾਇਆ ਹੈ। ਉਥੇ ਹੀ ਬੁੱਧਵਾਰ ਨੂੰ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਮਣੀਪੁਰ ਹਿੰਸਾ ਖਿਲਾਫ ਆਵਾਜ ਬੁਲੰਦ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ਚਲਦਿਆਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ। ਇਸੇ ਦੌਰਾਨ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਵਿਖੇ ਇਸਾਈ ਭਾਈਚਾਰੇ ਅਤੇ ਵੱਖ ਵੱਖ ਜਥੇਬੰਦੀਆਂ ਵਲੋਂ ਕਸਬੇ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਅਤੇ ਮਣੀਪੁਰ ਹਿੰਸਾ ਨੂੰ ਲੈਅ ਕੇ ਇਨਸਾਫ ਦੀ ਮੰਗ ਕੀਤੀ।
ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਵੀ ਖੋਲ੍ਹਿਆ ਮੋਰਚਾ : ਪ੍ਰਦਰਸ਼ਨ ਦੌਰਾਨ ਇਸਾਈ ਭਾਈਚਾਰੇ ਦੇ ਵੱਖ ਵੱਖ ਆਗੂਆਂ ਤੋਂ ਇਲਾਵਾ ਤਰਨ ਤਾਰਨ ਹਲਕੇ ਤੋਂ 2019 ਦੌਰਾਨ ਲੋਕ ਸਭਾ ਚੋਣਾਂ ਲੜਨ ਵਾਲੇ ਭਾਜਪਾ ਆਗੂ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਮੈਂ ਆਪਣੀ ਸਰਕਾਰ ਖ਼ਿਲਾਫ਼ ਕ੍ਰਿਸ਼ਚਨ ਭਾਈਚਾਰੇ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਇਆ ਹਾਂ।ਉਨ੍ਹਾਂ ਕਿਹਾ ਕਿ ਮਣੀਪੁਰ ਵਿੱਚ ਵਾਪਰੀਆਂ ਮੰਦਭਾਗੀ ਘਟਨਾਵਾਂ ਨਾਲ ਹਰੇਕ ਵਰਗ ਦੁਖੀ ਨਜਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਲੋੜੀਂਦੇ ਦੋਸ਼ੀਆਂ ਨੂੰ ਮਿਸਾਲੀ ਸਜਾ ਦੇਵੇ ਤਾਂ ਜੌ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਭਾਈਚਰੇ ਨਾਲ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।