ਅੰਮ੍ਰਿਤਸਰ:ਕਈ ਵਾਰ ਅਜਿਹੇ ਮਾਮਲੇ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਜਾਂਦੇ ਹਨ, ਜੋ ਪੁਲਿਸ ਵਿੱਚ ਮੌਜੂਦ ਕਾਲੀਆਂ ਭੇਡਾਂ ਦੇ ਚਿਹਰੇ ਬੇਨਕਾਬ ਕਰ ਦਿੰਦੇ ਹਨ। ਅਜਿਹਾ ਹੀ ਕੁੱਝ ਅੰਮ੍ਰਿਤਸਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਕਾਨੂੰਨ ਦੀਆਂ ਨਜ਼ਰਾਂ ਵਿੱਚ ਗੁਨਾਹਗਾਰ ਸ਼ਖ਼ਸ ਖੁੱਦ ਕਾਨੂੰਨ ਦੇ ਰਖਵਾਲਿਆਂ ਨਾਲ ਇੱਕ ਪਾਰਟੀ ਵਿੱਚ ਨਜ਼ਰ ਆਇਆ। ਦਰਅਸਲ ਪਾਰਟੀ ਵਿੱਚ ਸੱਟੇਬਾਜ਼ੀ ਦਾ ਗੈਰ ਕਾਨੂੰਨੀ ਕੰਮ ਕਰਨ ਵਾਲੇ ਕਮਲ ਥੋਰੀ ਨਾਲ ਪੁਲਿਸ ਅਫਸਰਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਅੰਮ੍ਰਿਤਸਰ ਪੁਲਿਸ ਵਿੱਚ ਹੜਕੰਪ ਮਚ ਗਿਆ। ਵਾਇਰਲ ਵੀਡੀਓ ਵਿੱਚ ਜਿੰਨੇ ਵੀ ਪੁਲਿਸ ਦੇ ਐੱਸਐੱਚਓ ਨਜ਼ਰ ਆ ਰਹੇ ਸਨ, ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਕਮਿਸ਼ਨਰੇਟ ਅਧੀਨ ਹਾਜ਼ਰੀ:ਦਰਅਸਲ ਇਸ ਵਾਇਰਲ ਵੀਡੀਓ ਵਿੱਚ ਬਦਨਾਮ ਸੱਟੇਬਾਜ਼ ਕਮਲ ਨਾਲ ਜੋ ਪੁਲਿਸ ਅਫਸਰਾਂ ਦੇ ਚਿਹਰੇ ਆਏ ਸਨ ਉਨ੍ਹਾਂ ਵਿੱਚ ਇੰਸਪੈਕਟਰ ਨੀਰਜ ਕੁਮਾਰ, ਇੰਸਪੈਕਟਰ ਹਰਵਿੰਦਰ ਸਿੰਘ, ਇੰਸਪੈਕਟਰ ਗਗਨਦੀਪ ਸਿੰਘ, ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਇੰਸਪੈਕਟਰ ਧਰਮਿੰਦਰ ਕਲਿਆਣ ਦਾ ਨਾਮ ਸ਼ਾਮਿਲ ਹੈ। ਇਸ ਤੋਂ ਇਲਾਵਾ ਡੀਐੱਸਪੀ ਲੈਵਲ ਦੇ ਅਫਸਰ ਵੀ ਵੀਡੀਓ ਵਿੱਚ ਨਜ਼ਰ ਆਏ ਹਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਕੋਲ ਇਨ੍ਹਾਂ ਪੁਲਿਸ ਅਫਸਰਾਂ ਨੂੰ ਮਾਮਲੇ ਸਬੰਧੀ ਸਪੱਸ਼ਟੀਕਰਨ ਦੇਣ ਲਈ ਲਾਈਨ ਹਾਜ਼ਿਰ ਹੋਣ ਸਬੰਧੀ ਨਿਰਦੇਸ਼ ਆਏ ਹਨ। ਇਸ ਤੋਂ ਇਲਾਵਾ ਵੀਡੀਓ ਵਿੱਚ ਵਿਖਾਈ ਦੇ ਰਹੇ ਕਈ ਅਫਸਰਾਂ ਦੇ ਤਬਾਦਲੇ ਵੀ ਕਰ ਦਿੱਤੇ ਗਏ ਹਨ।