ਅੰਮ੍ਰਿਤਸਰ: ਪੰਜਾਬ ਵਿੱਚ ਦਲਿਤਾਂ ਨਾਲ ਹੋ ਰਹੇ ਵਿਤਕਰੇ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਕੋਰ ਕਮੇਟੀ ਮੈਂਬਰ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।
ਅੰਮ੍ਰਿਤ ਛਕਾਉਣ ਦੇ ਨਾਂ 'ਤੇ ਭੇਦਭਾਵ ਕਰਨ ਵਾਲੀਆਂ ਨਿਹੰਗ ਜਥੇਬੰਦੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ- ਮਨਵਿੰਦਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਜੋ ਨਿਹੰਗ ਸਿੰਘ ਜਥੇਬੰਦੀਆਂ ਅੰਮ੍ਰਿਤ ਛਕਾਉਣ ਦੇ ਨਾਂਅ 'ਤੇ ਦਲਿਤਾਂ ਨਾਲ ਭੇਦਭਾਵ ਕਰ ਰਹੀਆਂ ਹਨ। ਉਹ ਬਹੁਤ ਮੰਦਭਾਗੀ ਗੱਲ ਹੈ ਜਿਸ ਦੀ ਉਨ੍ਹਾਂ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਜਾਤ-ਪਾਤ ਦੀ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਆਪਣੀਆਂ ਜਾਤ ਦੇ ਨਾਂਅ 'ਤੇ ਗੁਰੂ ਘਰ ਬਣਾ ਕੇ ਆਪਣੇ ਘਰਾਣਿਆਂ 'ਚ ਵੜੇ ਬੈਠੇ ਹਨ।
ਪੰਜਾਬ 'ਚ ਝੋਨੇ ਦੇ ਰੇਟ ਨੂੰ ਲੈ ਕੇ ਦਲਿਤਾਂ ਨਾਲ ਹੋ ਰਹੇ ਵਿਤਕਰੇ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਦਲਿਤਾਂ ਦੀ ਮਿਹਨਤ ਦਾ ਮੁੱਲ ਤੈਅ ਕਰਨ ਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ। ਉੁਨ੍ਹਾਂ ਨੇ ਕਿਹਾ ਕਿ ਅਜਿਹੇ ਵਿਤਕਰੇ ਬਾਜੀਆਂ ਨਾਲ ਸਿੱਖ ਕੌਮ 'ਚ ਫੁੱਟ ਪੈਂਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤ ਛਕਾਉਣ ਦੇ ਨਾਂ 'ਤੇ ਦਲਿਤਾਂ ਨਾਲ ਹੋਏ ਭੇਦਭਾਵ ਸਬੰਧਤ ਚੰਡੀਗੜ੍ਹ ਤੋਂ ਇੱਕ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਕੇ ਗਿਆ। ਉਸ ਵਫ਼ਦ ਨੇ ਜਥੇਦਾਰ ਨੂੰ ਚੰਡੀਗੜ੍ਹ ਵਿਖੇ ਇੱਕ ਸੈਮੀਨਾਰ ਕਰਵਾਉਣ ਲਈ ਕਿਹਾ। ਇਸ ਗੱਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਗਿਆਸਪੁਰਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਕੰਮ ਸੈਮੀਨਾਰਾਂ ਵਿੱਚ ਜਾ ਕੇ ਭਾਸ਼ਣ ਕਰਨ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਹੰਗ ਸਿੰਘ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਸੰਗਤਾਂ ਵਿੱਚ ਰੋਸ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਉਹ ਆਪਣੇ ਪੱਧਰ 'ਤੇ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ: ਠੀਕ ਢੰਗ ਨਾਲ ਬੋਲ ਨਹੀਂ ਸਕਦਾ ਪਰ ਗੀਤ ਗਾਉਣ ਵੇਲੇ ਨਹੀਂ ਛੱਡਦਾ ਕੋਈ ਸੁਰ