ਅੰਮ੍ਰਿਤਸਰ :ਅੰਮ੍ਰਿਤਸਰ ਦੀ ਲੋਹਾਰਕਾ ਰੋਡ ਸਥਿਤ ਰਣਜੀਤ ਵਿਹਾਰ ਵਿੱਚ ਰਹਿਣ ਵਾਲੇ ਖੇਤੀਬਾੜੀ ਡਿਵੈਲਪਮੈਂਟ ਅਫ਼ਸਰ ਸੁਖਬੀਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਸੁਪ੍ਰੀਤ ਕੌਰ ਨਾਲ 'ਮਨ ਕੀ ਬਾਤ' ਪ੍ਰੋਗਰਾਮ ਦੇ 99ਵੇਂ ਐਪੀਸੋਡ ਵਿੱਚ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਸ ਲਾਇਵ ਪ੍ਰੋਗਰਾਮ ਦੌਰਾਨ ਗੱਲਬਾਤ ਕੀਤੀ ਹੈ। ਇਸ ਦੌਰਾਨ ਮੋਦੀ ਨੇ ਇਸ ਜੋੜੇ ਵਲੋਂ ਆਪਣੀ ਧੀ ਅਬਾਬਤ ਕੌਰ ਦੇ ਅੰਗਦਾਨ ਕਰਕੇ ਇਕ ਮਿਸਾਲੀ ਇਤਿਹਾਸ ਸਿਰਜਣ ਦਾ ਉਚੇਚਾ ਜ਼ਿਕਰ ਕੀਤਾ। ਇਸਦੇ ਨਾਲ ਅਬਾਬਤ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਅੰਗਦਾਨ ਕਰਨ ਵਾਲੀ ਡੋਨਰ ਬਣੀ ਹੈ, ਜਿਸਦੇ ਅੰਗ ਸਫਲਤਾ ਪੂਰਵਕ ਪੀਜੀਆਈ ਚੰਡੀਗੜ੍ਹ ਵਿਖੇ ਕਿਸੇ ਹੋਰ ਮਰੀਜ਼ ਨੂੰ ਟਰਾਂਸਪਲਾਂਟ ਕੀਤੇ ਜਾ ਸਕਣਗੇ। ਹਾਲਾਂਕਿ ਟਰਾਂਸਪਲਾਂਟ ਦੌਰਾਨ ਡਾਕਟਰਾਂ ਨੂੰ ਵੀ ਕਾਫ਼ੀ ਚੁਣੌਤੀਆਂ ਸਹਿਣੀਆਂ ਪਈਆਂ ਹਨ।
ਵੱਡਾ ਹੋ ਰਿਹਾ ਸੀ ਦਿਲ ਦਾ ਆਕਾਰ :ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਬਾਬਤ ਦੇ ਪਿਤਾ ਸੁਖਬੀਰ ਸਿੰਘ ਸੰਧੂ ਅਤੇ ਮਾਤਾ ਸੁਪ੍ਰੀਤ ਕੌਰ ਨੇ ਦੱਸਿਆ ਕਿ ਅਬਾਬਤ ਕੌਰ ਦਾ ਜਨਮ 28 ਅਕਤੂਬਰ ਨੂੰ ਹੋਇਆ ਸੀ ਅਤੇ ਆਪਣੇ ਜੀਵਨ ਦੇ ਪਹਿਲੇ 24 ਦਿਨ ਤਾਂ ਉਹ ਪੂਰੀ ਤਰ੍ਹਾਂ ਤੰਦਰੁਸਤ ਰਹੀ। ਇਸ ਦੇ ਬਾਅਦ ਉਸ ਨੂੰ ਦਿਲ ਦਾ ਦੌਰਾ ਪੈਣ 'ਤੇ ਜਦੋਂ ਉਸ ਦੀ ਡਾਕਟਰੀ ਜਾਂਚ ਕਰਵਾਈ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਬਾਬਤ ਦੇ ਦਿਮਾਗ਼ 'ਚ ਨਾੜੀਆਂ ਦਾ ਅਜਿਹਾ ਗੁੱਛਾ ਬਣ ਰਿਹਾ ਹੈ, ਜਿਸ ਨਾਲ ਉਸਦੇ ਦਿਲ ਦਾ ਆਕਾਰ ਵੱਡਾ ਹੋ ਰਿਹਾ ਹੈ। ਉਹ ਆਪਣੀ ਮਾਸੂਮ ਬੱਚੀ ਨੂੰ ਇਲਾਜ ਲਈ 25 ਨਵੰਬਰ ਨੂੰ ਪੀ. ਜੀ. ਆਈ. ਲੈ ਕੇ ਗਏ, ਪਰ ਡਾਕਟਰਾਂ ਨੇ ਦੱਸਿਆ ਕਿ ਜੇਕਰ ਉਹ 6 ਮਹੀਨੇ ਤਕ ਬਚ ਜਾਂਦੀ ਹੈ ਤਾਂ ਉਸਦੀ ਸਰਜਰੀ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਛੋਟੇ ਬੱਚੇ ਦੀ ਸਰਜਰੀ ਕਰਨਾ ਸੰਭਵ ਨਹੀਂ ਹੈ।