ਅੱਜ ਦਾ ਮੁੱਖਵਾਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਵਿਆਖਿਆ
ਗੂਜਰੀ ਮਹਲਾ ਘਰ ਤੀਜਾ
ਹੇ ਭਾਈ, ਪ੍ਰਮਾਤਮਾ ਜਿਸ ਮਨੁੱਖ ਦਾ ਹੰਕਾਰ ਦੂਰ ਕਰ ਦਿੰਦਾ ਹੈ, ਉਸ ਮਨੁੱਖ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਉਸ ਦੀ ਅਕਲ, ਮੋਹ ਮਾਇਆ ਵਿੱਚ ਬੋਲਣ ਤੋਂ ਹੱਟ ਜਾਂਦੀ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਹ ਭੇਤ ਸਮਝ ਲੈਂਦਾ ਹੈ। ਪ੍ਰਮਾਤਮਾ ਦੇ ਚਰਨਾਂ ਵਿੱਚ ਆਪਣਾ ਧਿਆਨ ਜੋੜਦਾ ਹੈ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।੧।
ਹੋ, ਮੋਰੇ ਗਾਵਲ ਮਨ, ਪ੍ਰਮਾਤਮਾ ਨੂੰ ਚੇਤੇ ਕਰਦਾ ਰਹੇ, ਤੈਨੂੰ ਉਹੀ ਫਲ ਮਿਲ ਜਾਵੇਗਾ ਜਿਹੜਾ ਤੂੰ ਮੰਗੇਗਾ। ਗੁਰੂ ਦੀ ਕ੍ਰਿਪਾ ਨਾਲ ਤੂੰ ਪ੍ਰਮਾਤਮਾ ਦੇ ਨਾਮ ਦਾ ਰਸ ਹਾਸਿਲ ਕਰ ਲਵੇਗਾ ਅਤੇ ਜੇ ਤੂੰ ਉਸ ਰਸ ਨੂੰ ਪੀਂਦਾ ਰਹੇਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ।੧। ਰਹਾਉ।
ਹੇ ਭਾਈ, ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ। ਉਦੋਂ ਉਹ ਪਾਰਸ ਬਣ ਜਾਂਦਾ ਹੈ। ਜਦੋਂ ਉਹ ਪਾਰਸ ਬਣਦਾ ਹੈ, ਉਦੋਂ ਲੋਕਾਂ ਪਾਸੋਂ ਆਦਰ ਸਤਿਕਾਰ ਹਾਸਲ ਕਰਦਾ ਹੈ। ਜਿਹੜਾ ਵੀ ਮਨੁੱਖ ਉਸ ਦਾ ਆਦਰ ਕਰਦਾ ਹੈ, ਉਹ ਉੱਚਾ ਆਤਮਿਕ ਜੀਵਨ ਰੂਪ ਫਲ ਪ੍ਰਾਪਤ ਕਰਦਾ ਹੈ। ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ ਸਿੱਖਿਆ ਦਿੰਦਾ ਹੈ। ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰਨ ਲਈ ਪ੍ਰੇਰਦਾ ਹੈ।੨।
ਪਰ, ਹੇ ਭਾਈ, ਪਾਰਸ ਬਣਨ ਤੋਂ ਬਿਨਾਂ ਦੁਨੀਆ ਪਾਸੋਂ ਆਦਰ ਮਾਣ ਨਹੀਂ ਮਿਲਦਾ, ਕਿਉਂਕਿ ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾਂ ਹੀ ਉਹ ਮਨੁੱਖ ਹੋਰਨਾਂ ਨੂੰ ਸਿਮਰਨ ਦੀ ਸਿੱਖਿਆ ਦਿੰਦਾ ਹੈ। ਜਿਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ, ਉਹ ਕਿਸੇ ਹੋਰ ਨੂੰ ਸਹੀ ਜੀਵਨ ਦੇ ਰਾਹ ਨਹੀਂ ਪਾ ਸਕਦਾ।੩।
ਨਾਨਕ ਕਹਿਣਾ ਚਾਹੁੰਦੇ ਹਨ ਕਿ, ਕਿਸੇ ਦੇ ਵੱਸ ਦੀ ਗੱਲ ਨਹੀਂ, ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਆਤਮਿਕ ਜੀਵਨ ਦੀ ਦਾਤਿ ਨਹੀਂ ਮਿਲਦੀ। ਪ੍ਰਮਾਤਮਾ ਜਿਸ ਮਨੁੱਖ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ ਇਹ ਦਾਤਿ ਹਾਸਲ ਕਰ ਲੈਂਦਾ ਹੈ। ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਪ੍ਰਮਾਤਮਾ ਜਿਸ ਮਨੁੱਖ ਨੂੰ ਵਡਿਆਈ ਬਖ਼ਸ਼ਦਾ ਹੈ, ਉਸ ਦੇ ਹਿਰਦੇ ਵਿੱਚ ਆਪਣੀ ਸਿਫ਼ਤਿ-ਸਾਲਾਹਿ ਦੀ ਬਾਣੀ ਵਸਾਉਂਦਾ ਹੈ।੪।੫।੭।
ਇਹ ਵੀ ਪੜ੍ਹੋ:National Science Day 2023: ਜਾਣੋ, 28 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਰਾਸ਼ਟਰੀ ਵਿਗਿਆਨ ਦਿਵਸ