Aaj Da Hukamnama : ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਅੱਜ ਦਾ ਹੁਕਮਨਾਮਾ - ਵਿਆਖਿਆ:
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਹੇ ਮੂਰਖ! ਜਿਸ ਪ੍ਰਭੂ ਨੇ ਤੈਨੂੰ ਪੈਦਾ ਕਰਕੇ ਤੈਨੂੰ ਜਾਨ ਦਿੱਤੀ, ਪ੍ਰਾਣ ਦਿੱਤੇ, ਜਿਸ ਪ੍ਰਭੂ ਨੇ ਮਿਹਰ ਕਰ ਕੇ ਸਰੀਰ ਵਿੱਚ (ਆਪਣੀ) ਜੋਤਿ ਰੱਖ ਦਿੱਤੀ ਹੈ, ਉਸ ਨੂੰ ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ, ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ ?
ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿੱਚ ਲੱਗਣਾ ਚਾਹੁੰਦਾ ਹਾਂ । ਗੁਰੂ ਪਾਸੋਂ ਹੀ ਉਸ ਪ੍ਰਕਾਸ਼ ਰੂਪ ਤੇ ਮਾਇਆ ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ। ਰਹਾਉ ।
ਹੇ ਮੇਰੇ ਮਨ ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ ਜਿਸ ਨੇ ਜਗਤ ਵਿੱਚ ਅਨੇਕਾਂ ਕਿਸਮਾਂ ਦੇ ਰੰਗ ਰੂਪ ਪੈਦਾ ਕੀਤੇ ਹੋਏ ਹਨ, ਜਿਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ਼ ਕਰ ਸਕਦਾ ਹੈ ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕਿੰਨਾ ਵੱਡਾ ਹੈ।
ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾ ਜੰਮਦਾ ਹੈ ਨਾ ਮਰਦਾ ਹੈ । ਮੈਂ ਉਸ ਦੇ ਕਿੰਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ । ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ । ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦਿੰਦਾ ਹੈ।
ਹੇ ਮਨ ! ਜਿਸ ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ, ਉਸ ਦਾ ਜਸ ਹਰ ਵੇਲੇ ਗਾਇਆ ਕਰ, ਉਸ ਦੀ ਸਿਫ਼ਤ-ਸਾਲਾਹ ਦੀ ਬਰਕਤ ਨਾਲ ਕਰੋੜਾਂ ਪਾਪ ਮਿਟ ਜਾਂਦੇ ਹਨ । ਹੇ ਨਾਨਕ ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ, ਉਹ ਹਰੇਕ ਜੀਵ ਦਾ ਮੁੱਢ ਤੋਂ ਸਾਥੀ ਹੈ। ਭਗਤਾਂ ਦਾ ਮਿੱਤਰ ਹੈ ਅਤੇ ਹਰ ਇਕ ਜਿੰਦ ਦਾ ਆਸਰਾ ਹੈ।
ਇਹ ਵੀ ਪੜ੍ਹੋ:HISTORY OF GURDWARA TEKRI SAHIB: ਇਤਿਹਾਸਿਕ ਗੁਰਦੁਆਰਿਆਂ 'ਚੋਂ ਇੱਕ ਹੈ ਗੁਰਦੁਆਰਾ ਟੇਕਰੀ ਸਾਹਿਬ ਜੀ, ਜਾਣੋ ਕੀ ਹੈ ਇਸ ਦੀ ਖਾਸੀਅਤ...