Daily Hukamnama : ੧੮ ਚੇਤ, ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਅੱਜ ਦਾ ਮੁੱਖਵਾਕ
ਪੰਜਾਬੀ ਵਿਆਖਿਆ :ਤਿਲੰਗ ਮਃ ੧ ॥ (ਅੰਗ: ੭੨੨)
ਹੇ ਬਹੁਤ ਅਣਜਾਣ ਜਿੰਦੇ ! ਇੰਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ, ਪ੍ਰਮਾਤਮਾ ਤੇਰੇ ਆਪਣੇ ਹੀ ਹਿਰਦੇ ਘਰ ਵਿੱਚ ਹੈ। ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ? ਹੇ ਭੋਲੀ ਜੀਵ ਇਸਤਰੀ, ਪਤੀ ਪ੍ਰਭੂ ਤੇਰੇ ਅੰਦਰ ਹੀ ਤੇਰੇ ਨੇੜੇ ਵੱਸ ਰਿਹਾ ਹੈ, ਤੂੰ ਜੰਗਲ ਆਦਿ ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈ, ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ-ਅਦਬ ਦੇ ਦੋ ਸੂਰਮੇ ਦੀਆਂ ਸਿਲਾਈਆਂ ਪਾ ਕੇ, ਪ੍ਰਭੂ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ। ਜੀਵ ਇਸਤਰੀ ਉਦੋਂ ਹੀ ਸੁਹਾਗਣ ਭਾਗ ਵਾਲੀ ਅਤੇ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ।੧। ਪਰ, ਅਣਜਾਣ ਜੀਵ ਇਸਤਰੀ ਵੀ ਕੀ ਕਰ ਸਕਦੀ ਹੈ, ਜੇ ਉਹ ਜੀਵ ਇਸਤਰੀ ਖਸਮ ਪ੍ਰਭੂ ਨੂੰ ਚੰਗੀ ਹੀ ਨਾ ਲੱਗੇ? ਅਜਿਹੀ ਜੀਵ ਇਸਤਰੀ ਭਾਵੇਂ ਕਿੰਨੇ ਹੀ ਤਰਲੇ ਪਾਵੇ, ਉਹ ਪਤੀ ਰੂਪੀ ਪ੍ਰਭੂ ਦਾ ਮਹਿਲ ਘਰ ਲੱਭ ਹੀ ਨਹੀਂ ਸਕਦੀ। ਅਸਲ ਵਿੱਚ ਜੀਵ ਇਸਤਰੀ ਭਾਵੇਂ ਕਿੰਨੀ ਹੀ ਭੱਜ ਦੌੜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾਂ ਕੁਝ ਵੀ ਹਾਸਿਲ ਨਹੀਂ ਹੁੰਦਾ। ਜੇ ਜੀਵ ਇਸਤਰੀ ਜੀਭ ਦੇ ਚਸਕੇ ਲਾਲਚ ਅਤੇ ਹੰਕਾਰ ਆਦਿ ਵਿੱਚ ਹੀ ਮਸਤ ਰਹੇ ਅਤੇ ਸਦਾ ਮਾਇਆ ਦੇ ਮੋਹ ਵਿੱਚ ਹੀ ਡੁੱਬੀ ਰਹੇ, ਤਾਂ ਇਨ੍ਹਾਂ ਗੱਲਾਂ ਤੋਂ ਖਸਮ ਰੂਪੀ ਪ੍ਰਭੂ ਨਹੀਂ ਮਿਲਦਾ। ਉਹ ਜੀਵ ਇਸਤਰੀ ਅਣਜਾਣ ਹੀ ਰਹੀ, ਜੋ ਵਿਕਾਰਾਂ ਵਿੱਚ ਵੀ ਮਸਤ ਰਹੇ ਅਤੇ ਫਿਰ ਵੀ ਸਮਝੇ ਕਿ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ।੨।
ਜਿਨ੍ਹਾਂ ਨੂੰ ਪਤੀ ਰੂਪੀ ਪ੍ਰਭੂ ਮਿਲ ਗਿਆ ਹੈ, ਬੇਸ਼ਕ ਉਨ੍ਹਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਕੇ ਵੇਖੋ ਕਿ ਕਿਨ੍ਹਾਂ ਗੱਲਾਂ ਕਾਰਨ ਖਸਮ ਰੂਪੀ ਪ੍ਰਭੂ ਮਿਲਦਾ ਹੈ। ਉਹ ਇਹੀ ਉੱਤਰ ਦਿੰਦੀਆਂ ਹਨ ਕਿ ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ, ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ ਮੰਨੋ। ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ ਮਿਲਦਾ ਹੈ। ਉਸ ਦੇ ਚਰਨਾਂ ਵਿੱਚ ਮਨ ਲਾਓ, ਸੁਰਤੀ ਲਾਓ। ਖਸਮ ਪ੍ਰਭੂ, ਜੋ ਵੀ ਹੁਕਮ ਕਰਦਾ ਹੈ, ਉਹ ਹੀ ਕਰੋ। ਆਪਣਾ ਸਰੀਰ ਅਤੇ ਮਨ ਉਸ ਦੇ ਚਰਨਾਂ ਵਿੱਚ ਹਵਾਲੇ ਕਰੋ।
ਇਹ ਸੁਗੰਧੀ ਜਿੰਦ ਲਈ ਵਰਤੋ। ਸੁਹਾਗ ਭਾਗ ਵਾਲੀਆਂ ਇਹ ਕਹਿੰਦੀਆਂ ਹਨ ਕਿ ਹੇ ਭੈਣ, ਇੰਨ੍ਹਾਂ ਗੱਲਾਂ ਨਾਲ ਹੀ ਖਸਮ ਪ੍ਰਭੂ ਮਿਲਦਾ ਹੈ।੩। ਖਸਮ ਪ੍ਰਭੂ ਉਦੋਂ ਹੀ ਮਿਲਦਾ ਹੈ, ਜਦੋ ਅਸੀਂ ਭਾਵ ਦੂਰ ਕਰੀਏ। ਇਸ ਤੋਂ ਬਿਨਾਂ ਕੋਈ ਹੋਰ ਉੱਦਮ ਵਿਅਰਥ ਚਲਾਕੀ ਹੈ। ਜ਼ਿੰਦਗੀ ਦਾ ਉਹ ਦਿਨ ਸਫਲ ਜਾਣ ਲਵੋਂ, ਜਦੋ ਪਤੀ ਰੂਪੀ ਪ੍ਰਭੂ ਮਿਹਰ ਦੀ ਨਿਗ੍ਹਾ ਨਾਲ ਤੱਕ ਲਵੇ (ਦੇਖ ਲਵੇ), ਜਿਸ ਜੀਵ ਇਸਤਰੀ ਫਲ ਮਿਹਰ ਦੀ ਨਿਗਾਹ ਕਰਦਾ ਹੈ ਉਹ ਮੰਨੋ ਨੌ ਖ਼ਜ਼ਾਨੇ ਪਾ ਲੈਂਦੀ ਹੈ। ਹੇ ਨਾਨਕ, ਜਿਹੜੀ ਜੀਵ ਇਸਤਰੀ ਆਪਣੇ ਖਸਮ ਪ੍ਰਭੂ ਨੂੰ ਪਿਆਰੀ ਹੈ, ਉਹ ਸੁਹਾਗਣ ਤੇ ਵੱਡੀ ਭਾਗਾਂ ਵਾਲੀ ਹੈ। ਉਹ ਜਗ ਦੁਨੀਆ ਦੀ ਪ੍ਰਵਾਰ ਵਿਚ ਆਦਰ ਮਾਣ ਪ੍ਰਾਪਤ ਕਰਦੀ ਹੈ। ਜੋ ਅਡੋਲਤਾ ਵਿੱਚ ਮਸਤ ਰਹਿੰਦੀ ਹੈ, ਜਿਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦੀ ਹੈ, ਉਹੀ ਸੋਹਣੀ ਹੈ ਅਤੇ ਅਕਲ ਵਾਲੀ ਹੈ। ਉਸ ਨੂੰ ਹੀ ਸਿਆਣੀ ਕਿਹਾ ਜਾਂਦਾ ਹੈ।੪।੨।੪।
ਇਹ ਵੀ ਪੜ੍ਹੋ:ਰਾਮ ਨੌਮੀ 'ਤੇ ਅਯੁੱਧਿਆ 'ਚ ਸ਼ਰਧਾ ਦਾ ਉਮੜਿਆ ਸੈਲਾਬ, 50 ਲੱਖ ਸ਼ਰਧਾਲੂਆਂ ਨੇ ਕੀਤੀ ਪੂਜਾ