ਪੀੜਤ ਪਰਿਵਾਰ ਨੇ ਦਿੱਤੀ ਜਾਣਕਾਰੀ ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਜੇਠੂਵਾਲ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਮਾਮੂਲੀ ਤਕਰਾਰ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦਾ ਨਾਂ ਬਿਕਰਮ ਸਿੰਘ ਹੈ ਅਤੇ ਉਸ ਦੀ ਉਮਰ 36 ਸਾਲ ਦੇ ਕਰੀਬ ਹੈ। ਉਸਦੇ 4 ਲੜਕੀਆਂ ਅਤੇ ਇੱਕ ਛੋਟਾ ਜਿਹਾ ਲੜਕਾ ਹੈ। ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਮਾਮੂਲੀ ਤਕਰਾਰ ਨੂੰ ਲੈ ਕੇ ਕਤਲ:-ਇਸ ਮੌਕੇ ਪੀੜਤ ਪਰਿਵਾਰ ਤੇ ਪਿੰਡ ਦੇ ਲੋਕਾਂ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਕਤਲ ਦੇ ਕਥਿਤ ਆਰੋਪੀ ਕਰਮ ਸਿੰਘ ਕਾਲੂ ਦੀ ਪਿੰਡ ਦੇ ਗੁਲਜਾਰੀ ਨਾਂ ਦੇ ਨੌਜਵਾਨ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਜਿਹੀ ਤਕਰਾਰ ਹੋ ਗਈ। ਉਸ ਸਮੇਂ ਮ੍ਰਿਤਕ ਬਿਕਰਮ ਸਿੰਘ ਵੱਲੋਂ ਤੇ ਕੁੱਝ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਦਾ ਰਾਜੀਨਾਮਾ ਕਰਵਾ ਦਿੱਤਾ।
ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ:-ਜਿਸ ਤੋਂ ਬਾਅਦ ਸ਼ਨੀਵਾਰ ਰਾਤ ਨੂੰ 7:30 ਵਜੇ ਦੇ ਕਰੀਬ ਕਥਿਤ ਮੁਲਜ਼ਮ ਕਰਮ ਸਿੰਘ ਕਾਲੂ ਅਤੇ ਉਸਦੇ ਨਾਲ ਹੋਰ ਦੋ ਤਿੰਨ ਨੌਜਵਾਨ ਆਏ, ਜਿਹਨਾਂ ਨੇ ਬਿਕਰਮ ਸਿੰਘ ਨੂੰ ਫ਼ੜ੍ਹ ਕੇ ਉਸ ਦੀ ਗਰਦਨ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੀ ਮੌਕੇ ਉੱਤੇ ਮੌਤ ਹੋ ਗਈ। ਉੱਥੇ ਪੀੜਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ, ਉਨ੍ਹਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਕਰਵਾਈਆ ਗਿਆ।
ਪੁਲਿਸ ਵੱਲੋਂ ਕਾਰਵਾਈ ਜਾਰੀ:- ਉੱਥੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮੂਲੀ ਜਿਹੀ ਤਕਰਾਰ ਨੂੰ ਲੈਕੇ ਕਥਿਤ ਮੁਲਜ਼ਮ ਕਰਮ ਸਿੰਘ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਬਿਕਰਮ ਸਿੰਘ ਉੱਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆ ਦੇ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।