ਅੰਮ੍ਰਿਤਸਰ :ਅੰਮ੍ਰਿਤਸਰ ਵਿਖੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਉੱਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਤੇ ਉਸ ਉੱਤੇ 307 ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਜਿਥੇ ਕੁੜੀ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੇ ਮਾਪਿਆਂ ਵੱਲੋਂ ਨੌਜਵਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਉਕਤ ਮੁਲਜ਼ਮ ਨੌਜਵਾਨ ਦੇ ਮਾਤਾ ਨੇ ਇਸ ਪੂਰੇ ਮਾਮਲੇ ਵਿੱਚ ਕੁੜੀ ਨੂੰ ਵੀ ਬਰਾਬਰ ਦੀ ਮੁਲਜ਼ਮ ਠਹਿਰਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ।
ਕੁੜੀ ਖਿਲਾਫ ਵੀ ਹੋਵੇ ਬਰਾਬਰ ਦੀ ਕਾਰਵਾਈ : ਮੁਲਜ਼ਮ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੇ ਮੁੰਡੇ ਦੀ ਉਕਤ ਕੁੜੀ ਨਾਲ ਪਿਛਲੇ ਅੱਠ ਸਾਲ ਤੋਂ ਦੋਸਤੀ ਸੀ। ਇਹਨਾਂ ਦੇ ਰਿਸ਼ਤੇ ਦਾ ਪੂਰੇ ਪਰਿਵਾਰ ਨੂੰ ਪਤਾ ਸੀ, ਪਰ ਹੁਣ ਜਦੋਂ ਤੋਂ ਕੁੜੀ ਨੇ ਵਿਦੇਸ਼ ਜਾਣ ਦੀ ਤਿਆਰੀ ਕਰਨ ਲਈ ਆਈਲੈਟਸ ਕਰਨੀ ਸ਼ੁਰੂ ਕੀਤੀ ਤਾਂ ਉਦੋਂ ਤੋਂ ਹੀ ਕੁੜੀ ਉਹਨਾਂ ਦੇ ਮੁੰਡੇ ਤੋਂ ਕਿਨਾਰਾ ਕਰਨ ਲੱਗੀ। ਜਿਸ ਤੋਂ ਮੁੰਡੇ ਨੇ ਗੁੱਸੇ ਵਿੱਚ ਆ ਕੇ ਇਹ ਕਦਮ ਚੁੱਕਿਆ ਹੈ। ਮੁਲਜ਼ਮ ਦੀ ਮਾਤਾ ਨੇ ਕਿਹਾ ਕਿ ਮੇਰੇ ਪੁੱਤ ਨੇ ਜੋ ਗਲਤੀ ਕੀਤੀ ਹੈ ਉਸ ਵਿੱਚ ਕੁੜੀ ਵੀ ਪੂਰੀ ਤਰ੍ਹਾਂ ਭਾਗੀਦਾਰ ਹੈ, ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ।