ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਭਾਂਡਿਆਂ ਵਾਲੇ ਬਾਜ਼ਾਰ ਵਿੱਚ ਲੱਗੀ ਭਿਆਨਕ ਅੱਗ ਅੰਮ੍ਰਿਤਸਰ :ਜ਼ਿਲ੍ਹੇ ਦੇ ਜੰਡਿਆਲਾ ਗੁਰੂ ਵਿਖੇ ਸ਼ੁੱਕਰਵਾਰ ਸਵੇਰੇ ਤੜਕਸਾਰ ਬਰਤਨਾਂ ਵਾਲ਼ੇ ਬਾਜ਼ਾਰ ਵਿੱਚ ਇੱਕ ਭਾਂਡਿਆ ਵਾਲੀ ਦੁਕਾਨ ਉਤੇ ਅਚਾਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਉਤੇ ਨਜ਼ਦੀਕੀ ਲੋਕਾਂ ਵਿੱਚ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ। ਘਟਨਾ ਮੌਕੇ ਹਾਜ਼ਰ ਲੋਕਾਂ ਵੱਲੋਂ ਇਸਦੀ ਸੂਚਨਾ ਤੁਰੰਤ ਦੁਕਾਨ ਦੇ ਮਾਲਕ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ ਗਈ।
ਦੁਕਾਨ ਵਿੱਚ ਪਿਆ ਸਮਾਨ ਸੜ ਕੇ ਸੁਆਹ :ਘਟਨਾ ਦੀ ਸੂਚਨਾ ਮਿਲਣ ਉਤੇ ਆਪਣੀ ਦੁਕਾਨ ਉਤੇ ਪੁੱਜੇ ਦੁਕਾਨ ਮਾਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਾਰੀ ਦੁਕਾਨ ਅੰਦਰੋਂ ਲੱਕੜ ਦੇ ਇੰਟਰਿਅਰ ਦੀ ਬਣੀ ਹੋਈ ਸੀ। ਦੁਕਾਨਦਾਰ ਨੇ ਦੱਸਿਆ ਕਿ ਫਿਲਹਾਲ ਲੱਗਦਾ ਹੈ ਕਿ ਦੁਕਾਨ ਵਿੱਚ ਕਿਧਰੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੇ ਕਾਰਨ ਇਹ ਅੱਗ ਲੱਗੀ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਦਹਾਕਿਆਂ ਤੋਂ ਇਥੇ ਕੰਮ ਕਰ ਰਹੇ ਹਨ ਅਤੇ ਦੁਕਾਨ ਪੁਰਾਣੀ ਹੋਣ ਕਾਰਨ ਜ਼ਿਆਦਾਤਰ ਲੱਕੜ ਦੀ ਬਣੀ ਹੋਈ ਹੈ, ਜੋ ਅੱਗ ਦੀ ਲਪੇਟ ਵਿੱਚ ਆ ਕੇ ਭਾਂਬੜ ਦਾ ਰੂਪ ਧਾਰਨ ਕਰ ਗਈ ਹੈ, ਜਿਸ ਕਾਰਨ ਦੁਕਾਨ ਦੇ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।
ਸ਼ਾਰਟ ਸਰਕਟ ਕਾਰਨ ਲੱਗੀ ਅੱਗ :ਦੁਕਾਨਦਾਰ ਨੇ ਕਿਹਾ ਕਿ ਬੀਤੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਸ਼ਾਰਟ ਸਰਕਟ ਹੋਣ ਕਰ ਕੇ ਇਹ ਅੱਗ ਲੱਗੀ ਹੋ ਸਕਦੀ ਹੈ, ਪਰ ਫਿਲਹਾਲ ਇਸ ਬਾਰੇ ਕੁਝ ਸਾਫ ਨਹੀਂ ਕਿਹਾ ਜਾ ਸਕਦਾ। ਅੱਗ ਬੁਝਣ ਉਪਰੰਤ ਉਹ ਅੰਦਰੋਂ ਦੁਕਾਨ ਦੇਖ ਕੁਝ ਕਹਿ ਸਕਦੇ ਹਨ। ਉਥੇ ਹੀ ਜਾਣਕਾਰੀ ਦਿੰਦੇ ਹੋਏ ਦਮਕਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਮੌਕੇ ਉਤੇ ਸੂਚਨਾ ਮਿਲਣ ਉਤੇ ਸਾਡੇ ਅਧਿਕਾਰੀ ਮੌਕੇ ਉਤੇ ਪੁਹੰਚ ਗਏ। ਉਨ੍ਹਾਂ ਕਿਹਾ ਕਿ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਅੱਗ ਲੱਗਣ ਦਾ ਡਰ ਬਣਿਆ ਹੋਇਆ ਹੈ। ਇਸ ਕਰ ਕੇ ਸਾਨੂੰ ਅੰਮ੍ਰਿਤਸਰ ਤੋਂ ਵੀ ਅੱਗ ਬੁਝਾਉਣ ਲਈ ਗੱਡੀਆ ਮੰਗਵਣੀਆਂ ਪਈਆਂ ਹਨ ਅਤੇ ਲਗਾਤਰ ਟੀਮ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਜੇਕਰ ਕੋਈ ਵੀ ਵਿਅਕਤੀ ਇਸ ਅੱਗ ਦੀ ਚਪੇਟ ਵਿੱਚ ਆਉਂਦਾ ਤਾਂ ਜਿਆਦਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ। ਇਸ ਮੌਕੇ ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਪੁਲੀਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।