ਅੰਮ੍ਰਿਤਸਰ 'ਚ ਦੁਕਾਨ ਨੂੰ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਜਿਉਂਦਾ ਸੜਿਆ
ਅੰਮ੍ਰਿਤਸਰ: ਸ਼ੁੱਕਰਵਾਰ ਦੀ ਸਵੇਰ ਅੰਮ੍ਰਿਤਸਰ ਦੇ ਬਾਬਾ ਸਾਹਿਬ ਚੌਂਕ 'ਚ ਇੱਕ ਮਨਿਆਰੀ ਦੀ ਦੁਕਾਨ ਅੰਦਰ ਤੜਕੇ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿਚ ਇਕ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਤੜਕੇ ਸਵੇਰ ਅੰਮ੍ਰਿਤਸਰ ਦੇ ਬਾਬਾ ਸਾਬ ਚੌਂਕ ਦੇ ਵਿੱਚ ਇੱਕ ਮੁਨਿਆਰੀ ਵਾਲੀ ਦੁਕਾਨ 'ਤੇ ਸ਼ੋਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਅਤੇ ਦਮਕਲ ਵਿਭਾਗ ਦੀਆ ਗੱਡੀਆ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣਾ ਸ਼ੁਰੂ ਕੀਤਾ। ਪਰ, ਅੱਗ ਇੰਨੀ ਭਿਆਨਕ ਸੀ ਕਿ ਅੱਗ ਨਾਲ ਪੂਰੀ ਇਮਾਰਤ ਵੀ ਨੁਕਸਾਨੀ ਗਈ। ਹਾਦਸੇ ਵਿਚ ਇਕ ਵਿਅਕਤੀ ਦੇ ਸੜ ਕੇ ਮਰਨ ਦੀ ਹੋਈ ਪੁਸ਼ਟੀ ਹੋਈ ਹੈ ਜਿਸ ਦੀ ਪਛਾਣ ਪਰਮਜੀਤ ਸਿੰਘ ਉਮਰ 50 ਸਾਲ ਵਜੋਂ ਹੋਈ ਹੈ।
ਇਸ ਦੌਰਾਨ ਇਕ ਲੜਕੀ ਵੱਲੋਂ ਜਾਨ ਬਚਾਉਣ ਦੇ ਲਈ ਇਮਾਰਤ ਤੋਂ ਹੇਠਾਂ ਛਾਲ ਮਾਰ ਦਿੱਤੀ , ਜਿਸ ਨੂੰ ਫੌਰੀ ਤੌਰ ਉੱਤੇ ਹਸਪਤਾਲ ਭਰਤੀ ਕਰਵਾਇਆ ਗਿਆ। ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਬਹੁਤ ਹੀ ਭਿਆਨਕ ਸੀ ਜਿਸ ਵਿਚ ਦੁਕਾਨਾਂ ਅਤੇ ਦੁਕਾਨਾਂ ਅੰਦਰ ਪਿਆ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ :Murder due to land dispute : ਜ਼ਮੀਨੀ ਵਿਵਾਦ ਦੇ ਚੱਲਦਿਆਂ ਖੇਤ ਗਏ ਸ਼ਖ਼ਸ ਦਾ ਕਤਲ, ਮੌਕੇ ਤੋਂ ਫਰਾਰ ਹੋਏ ਕਾਤਲ
ਨਾਲ ਹੀ ਦਮਕਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਮੌਕੇ 'ਤੇ ਪੁਹਚ ਕੇ ਅੱਗ ਤੇ ਕਾਬੂ ਪਾ ਰਹੇ ਹਾਂ ਪਰ ਅੱਗ ਤੇਜ਼ ਹੋਣ ਕਾਰਨ ਬਹੁਤ ਟਾਈਮ ਲੱਗ ਗਿਆ ਹੈ ਅਤੇ ਨਾ ਹੀ ਇਸ ਜਗਾ ਉੱਤੇ ਕੋਈ ਪਾਣੀ ਦੀ ਸੁਵਿਧਾ ਹੈ, ਨਾ ਹੀ ਗੱਡੀਆਂ ਅੰਦਰ ਜਾ ਸਕਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਾਜ਼ਾਰ ਛੋਟਾ ਹੋਣ ਕਾਰਨ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪੁੱਜਣ 'ਚ ਵੀ ਦਿੱਕਤ ਆ ਗਈ। ਇਸ ਕਾਰਨ ਗੁਰਦੁਆਰਾ ਅਟੱਲ ਰਾਏ ਸਾਹਿਬ ਦੇ ਸਰੋਵਰ 'ਚੋਂ ਮੋਟਰ ਅਤੇ ਪਾਈਪਾਂ ਲਗਾ ਕੇ ਪਾਣੀ ਲਿਆ ਗਿਆ। ਇਨਾਂ ਹੀ ਨਹੀਂ, ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਤਾਂ ਉਨ੍ਹਾਂ ਵੱਲੋਂ ਗੁਰੂ ਘਰਾਂ ਤੋਂ ਹੀ ਮੁਢਲੀ ਸਹਾਇਤਾ ਲਈ ਗਈ ਹੈ ਜਿਥੇ ਪਾਣੀ ਦੀਆਂ ਪਾਈਪਾਂ ਲਾਕੇ ਅੱਗ ਬੁਝਾ ਜਾਂਦੀ ਰਹੀ ਹੈ।
ਖੈਰ ਇਸ ਅੱਗ ਕਾਰਨ, ਜੋ ਨੁਕਸਾਨ ਹੋਇਆ ਹੈ ਉਹ ਕਿੰਨਾਂ ਹੈ, ਇਹ ਤਾਂ ਹੁਣ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਜਿੰਨਾ ਹਲਾਤਾਂ ਵਿਚ ਇਹ ਇਮਾਰਤਾਂ ਹਨ ਅਤੇ ਕਿਸੇ ਵੱਡੇ ਹਾਦਸੇ ਤੋਂ ਬਾਅਦ ਨਜਿੱਠਣ ਲਈ ਜੋ ਸਹੂਲਤਾਂ ਦੀ ਘਾਟ ਹੈ, ਉਹ ਕੀਤੇ ਨਾ ਕੀਤੇ ਆਉਣ ਵਾਲੇ ਸਮੇਂ ਵਿਚ ਸਥਾਨਕ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨ ਕਰ ਸਕਦੀਆਂ ਹਨ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਸਖ਼ਤ ਲੋੜ ਹੈ।