ਅੰਮ੍ਰਿਤਸਰ : 22 ਜਨਵਰੀ ਨੂੰ ਅਯੋਧਿਆ ਵਿੱਚ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਅਤੇ ਇਸ ਨੂੰ ਲੈਕੇ ਪੂਰੇ ਭਾਰਤ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਤੇ ਯਾਤਰਾ ਕੱਢ ਕੇ ਅਤੇ ਕਿਤੇ ਦੀਵੇ ਵੰਡ ਕੇ 22 ਜਨਵਰੀ ਨੂੰ ਦਿਵਾਲੀ ਜਿਹਾ ਮਾਹੌਲ ਦਰਸਾਇਆ ਜਾ ਰਿਹਾ ਹੈ। ਇਸ ਵਿਚਾਲੇ ਅੰਮ੍ਰਿਤਸਰ ਤੋਂ ਇੰਟਰਨੈਸ਼ਨਲ ਪੇਂਟਿੰਗ ਆਰਟਿਸਟ ਡਾਕਟਰ ਜਗਜੋਤ ਸਿੰਘ ਰੂਬਲ ਵੱਲੋਂ ਸ੍ਰੀ ਰਾਮ ਭਗਵਾਨ ਜੀ ਅਤੇ ਅਯੋਧਿਆ ਮੰਦਿਰ ਦੀ ਪੇਂਟਿੰਗ ਤਿਆਰ ਕੀਤੀ ਗਈ ਹੈ ਅਤੇ ਇਸ ਪੇਂਟਿੰਗ ਦੀ ਉਚਾਈ 7 ਫੁੱਟ ਚੌੜੀ ਤੇ 10 ਫੁੱਟ ਲੰਬੀ ਹੈ।
ਪੇਂਟਿੰਗ ਜ਼ਰੀਏ ਜਾਹਿਰ ਕੀਤੀ ਸ਼ਰਧਾ :ਇਸ ਬਾਰੇ ਗੱਲਬਾਤ ਕਰਦਿਆਂ ਡਾਕਟਰ ਜਗਜੋਤ ਸਿੰਘ ਰੂਬਲ ਨੇ ਦੱਸਿਆ ਕਿ ਅਯੋਧਿਆ ਵਿੱਚ ਬਣ ਰਹੇ ਭਗਵਾਨ ਰਾਮ ਜੀ ਦੇ ਮੰਦਿਰ ਨੂੰ ਲੈ ਕੇ ਹਰ ਕਿਸੇ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਪਾਵਨ ਮੌਕੇ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਵੱਡੀ ਪੇਂਟਿੰਗ ਤਿਆਰ ਕੀਤੀ ਹੈ। ਉਹਨਾਂ ਦੀ ਦਿਲੋਂ ਤਮੰਨਾ ਹੈ ਕਿ ਇਸ ਪੇਂਟਿੰਗ ਨੂੰ ਉਹ ਅਯੋਧਿਆ ਰਾਮ ਮੰਦਿਰ ਵਿੱਚ ਸੁਸ਼ੋਭਿਤ ਕਰਵਾਉਣ। ਜਿਸ ਦੇ ਲਈ ਉਹਨਾਂ ਵੱਲੋਂ ਦੁਰਗਿਆਣਾ ਕਮੇਟੀ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ 1 ਜਨਵਰੀ 2024 ਨੂੰ ਉਹਨਾਂ ਵੱਲੋਂ ਇਹ ਪੇਂਟਿੰਗ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ 18 ਦਿਨਾਂ ਵਿੱਚ ਇਸ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਹੈ।