ਪੰਜਾਬ

punjab

ETV Bharat / state

ਮੁੱਖ ਮੰਤਰੀ ਨਾਲ ਦੋ ਕਿਸਾਨ ਜਥੇਬੰਦੀਆਂ ਦੀ 18 ਅਗਸਤ ਨੂੰ ਹੋਵੇਗੀ ਮੀਟਿੰਗ, 24 ਅਤੇ 25 ਜੁਲਾਈ ਦੇ ਧਰਨੇ ਮੁਲਤਵੀ

8 ਅਗਸਤ ਨੂੰ ਮੁੱਖ ਮੰਤਰੀ ਮਾਨ ਦੋ ਕਿਸਾਨ ਜੱਥੇਬੰਦੀਆਂ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਆਪਣੇ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਗੇ।

ਮੁੱਖ ਮੰਤਰੀ ਨਾਲ ਦੋ ਕਿਸਾਨ ਜਥੇਬੰਦੀਆਂ ਦੀ 18 ਅਗਸਤ ਨੂੰ ਹੋਵੇਗੀ ਮੀਟਿੰਗ
ਮੁੱਖ ਮੰਤਰੀ ਨਾਲ ਦੋ ਕਿਸਾਨ ਜਥੇਬੰਦੀਆਂ ਦੀ 18 ਅਗਸਤ ਨੂੰ ਹੋਵੇਗੀ ਮੀਟਿੰਗ

By

Published : Jul 23, 2023, 8:15 PM IST

ਮੁੱਖ ਮੰਤਰੀ ਨਾਲ ਦੋ ਕਿਸਾਨ ਜਥੇਬੰਦੀਆਂ ਦੀ 18 ਅਗਸਤ ਨੂੰ ਹੋਵੇਗੀ ਮੀਟਿੰਗ

ਅੰਮ੍ਰਿਤਸਰ: ਬੀਤੇ ਦਿਨਾਂ ਤੋਂ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ, ਕਿਸਾਨਾਂ ਦੀਆਂ ਫਸਲਾਂ ਦੇ ਭਾਰੀ ਨੁਕਸਾਨ ਅਤੇ ਹੋਰਨਾਂ ਵੱਖ ਵੱਖ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਬੀਤੇ ਦਿਨੀਂ ਮੀਟਿੰਗ ਕਰ ਧਰਨੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।ਜਿਸ ਤੋਂ ਬਾਅਦ ਕਿਸਾਨਾਂ ਦੇ ਉਕਤ ਮਸਲਿਆਂ ਅਤੇ ਮੰਗਾਂ ਨੂੰ ਸੁਣਨ ਅਤੇ ਵਿਚਾਰ ਵਟਾਂਦਰਾ ਕਰਨ ਲਈ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਦੋ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਸਮਾਂ ਦਿੱਤੇ ਜਾਣ ਦੀ ਖ਼ਬਰ ਹੈ।

ਕਦੋਂ ਹੋਵੇਗੀ ਮੁੱਖ ਮੰਤਰੀ ਨਾਲ ਮੀਟਿੰਗ:ਕਾਬਲੇਜ਼ਿਕਰ ਹੈ ਕਿ ਮੁੱਖ ਮੰਤਰੀ ਮਾਨ ਨਾਲ ਮੀਟਿੰਗ ਸਬੰਧੀ ਸਮਾਂ ਮਿਲਣ ਦੀ ਪੁਸ਼ਟੀ ਬਕਾਇਦਾ ਤੌਰ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ (ਬੀ ਕੇ ਯੂ) ਵੱਲੋਂ ਹੜ੍ਹਾਂ, ਭਾਰਤ ਮਾਲਾ ਪ੍ਰੋਜੈਕਟ, ਬਿਜਲੀ ਵਿਭਾਗ ਨਾਲ ਸਬੰਧਿਤ ਵੱਖ ਵੱਖ ਮਸਲਿਆਂ, ਕੇਰਲ ਸਰਕਾਰ ਦੀ ਤਰਜ਼ 'ਤੇ ਫਸਲਾਂ ਦੀ ਐੱਮ. ਐੱਸ. ਪੀ ਦਾ ਕਾਨੂੰਨ ਬਣਾਉਣ ਆਦਿ ਨੂੰ ਲੈ ਕੇ 24 ਅਤੇ 25 ਜੁਲਾਈ ਨੂੰ ਡਿਪਟੀ ਕਮਿਸ਼ਨਰ ਦਫਤਰਾਂ ਅਤੇ ਰੇਲ ਮਾਰਗਾਂ 'ਤੇ ਲੱਗਣ ਵਾਲੇ ਮੋਰਚੇ ਸਬੰਧੀ ਐਲਾਨ ਕੀਤਾ ਗਿਆ ਸੀ।

ਮੀਟਿੰਗ ਲਈ ਸੱਦਾ: ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੰਘਰਸ਼ੀ ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ 18 ਅਗਸਤ ਨੂੰ ਮੀਟਿੰਗ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੀਟਿੰਗ ਦਾ ਸੱਦਾ ਮਿਲਣ ਉਪਰੰਤ ਕਿਸਾਨ ਆਗੂਆਂ ਵਲੋਂ ਆਪਸੀ ਵਿਚਾਰ ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਹੈ ਕਿ ਧਰਨੇ ਪ੍ਰਦਰਸ਼ਨ ਨਾਲ ਆਮ ਲੋਕਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਿਲਹਾਲ 24 ਅਤੇ 25 ਜੁਲਾਈ ਨੂੰ ਲਗਾਏ ਜਾਣ ਵਾਲੇ ਧਰਨੇ ਮੁਲਤਵੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਧਰਨੇ ਮੁਲਤਵੀ ਕਰਨ ਸਬੰਧੀ ਫੈਸਲਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਨਰਲ ਸਕੱਤਰ ਰਾਣਾ ਰਣਬੀਰ ਸਿੰਘ, ਬੀ ਕੇ ਯੂ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਮਨਜੀਤ ਸਿੰਘ ਨਿਆਲ ਵੱਲੋਂ ਲਿਆ ਗਿਆ ਹੈ ਅਤੇ ਫੈਸਲਾ ਜਨਤਕ ਕੀਤਾ ਗਿਆ ਹੈ।

22 ਅਗਸਤ ਨੂੰ ਤਿੱਖੇ ਐਕਸ਼ਨ: ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਨਾਲ ਤੈਅ ਹੋਈ ਮੀਟਿੰਗ ਵਿੱਚਂੋ ਕੁਝ ਸਾਰਥਕ ਨਤੀਜਾ ਨਹੀਂ ਨਿਕਲਦਾ ਤਾਂ ਜਥੇਬੰਦੀ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸੰਘਰਸ਼ ਕਰਨ ਨੂੰ ਤਿਆਰ ਹੈ।ਉਨ੍ਹਾਂ ਕਿਹਾ ਕਿ 22 ਅਗਸਤ ਨੂੰ ਹੜ੍ਹਾਂ ਦੀ ਦੇਸ਼ ਵਿਆਪੀ ਸਥਿਤੀ ਨੂੰ ਲੈ ਕੇ ਉਲੀਕੇ ਪ੍ਰੋਗਰਾਮ ਵਿੱਚ ਤਿੱਖੇ ਐਕਸ਼ਨ ਕੀਤੇ ਜਾਣਗੇ।ਕਿਸਾਨ ਆਗੂ ਨੇ ਅਪੀਲ ਕਰਦਿਆਂ ਕਿਹਾ ਕਿ ਸਮੂਹ ਜਥੇਬੰਦਕ ਅਤੇ ਗੈਰ ਜਥੇਬੰਦਕ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਵੱਧ ਤੋਂ ਵੱਧ ਵਲੰਟੀਅਰ ਸੇਵਾਵਾਂ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

ABOUT THE AUTHOR

...view details