ਅੰਮ੍ਰਿਤਸਰ:ਜ਼ਿਲ੍ਹੇ ਦੇ ਮਸ਼ਹੂਰ ਗੁਰੂ ਨਾਨਕ ਦੇਵ ਹਸਪਤਾਲ ਦੀ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਬਿਲਡਿੰਗ ਦੇ ਥੱਲੇ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਸ਼ਾਰਟ ਸਰਕਟ ਹੋਣ ਦੇ ਚੱਲਦਿਆਂ ਲੱਗੀ ਹੈ। ਗੁਰੂ ਨਾਨਕ ਹਸਪਤਾਲ ਵਿੱਚ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਲੀਕ ਹੋਏ ਤੇਲ ਦੇ ਕਾਰਨ ਭਿਆਨਕ ਅੱਗ ਲੱਗੀ ਉਥੇ ਹੀ ਮੌਕੇ ’ਤੇ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਬਖਸ਼ੇ ਨਹੀਂ ਜਾਣਗੇ। ਇਸਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ।
ਅੰਮ੍ਰਿਤਸਰ ਹਸਪਤਾਲ ’ਚ ਵੱਡਾ ਹਾਦਸਾ ਹੋਣ ਤੋਂ ਟਲਿਆ ਅੰਮ੍ਰਿਤਸਰ ਹਸਪਤਾਲ ’ਚ ਵੱਡਾ ਹਾਦਸਾ ਹੋਣ ਤੋਂ ਟਲਿਆ ਟਰਾਂਸਫਾਰਮਰਾਂ ’ਚ ਧਮਾਕੇ ਕਾਰਨ ਲੱਗੀ ਅੱਗ: ਇਸ ਅੱਗ ਲੱਗਣ ਕਾਰਨ ਟਰਾਂਫਾਰਮਰਾਂ ਵਿੱਚ ਇੱਕ ਤੋਂ ਬਾਅਦ ਇੱਕ ਕਈ ਬਲਾਸਟ ਹੋਏ ਹਨ। ਘਟਨਾ ਸਥਾਨ ਉੱਪਰ ਬਿਜਲੀ ਕਈ ਉੱਚ ਅਧਿਕਾਰੀ ਪਹੁੰਚੇ ਹਨ। ਇਸ ਦੌਰਾਨ ਬਿਲਡਿੰਗ ਦੇ ਵਿੱਚ ਮੌਜੂਦ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਫਿਲਹਾਲ ਇਸ ਅੱਗ ਦੀ ਘਟਨਾ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਿਸੇ ਅਣਸੁਖਾਵੀਂ ਘਟਨਾ ਦਾ ਸਮਾਚਾਰ ਨਹੀਂ ਮਿਲਿਆ ਹੈ। ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਵੱਲੋਂ ਅੱਗ ਬੁਝਾਉਣ ਦਾ ਯਤਨ ਕੀਤਾ ਗਿਆ।
ਸ਼ਨੀਵਾਰ ਕਾਰਨ ਹਸਪਤਾਲ ਦੀ ਓਪੀਡੀ ਸੀ ਬੰਦ:ਇਲਾਜ ਦੇ ਲਈ ਉੱਥੇ ਮਰੀਜ਼ ਭਰਤੀ ਸਨ ਪਰ ਬੜੀ ਹੀ ਮੁਸਤੈਦੀ ਦੇ ਨਾਲ ਹਸਪਤਾਲ ਪ੍ਰਸ਼ਾਸਨ ਵੱਲੋਂ ਸਾਰੇ ਮਰੀਜ਼ਾਂ ਨੂੰ ਸਮਾਂ ਰਹਿੰਦੇ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਕਿ ਸ਼ਨੀਵਾਰ ਦਾ ਦਿਨ ਹੋਣ ਕਰਕੇ ਛੁੱਟੀ ਦਾ ਦਿਨ ਸੀ ਕੋਈ ਵੀ ਹਸਪਤਾਲ ਦਾ ਅਧਿਕਾਰੀ ਜਾ ਸਟਾਫ ਮੈਂਬਰ ਜਾ ਮਰੀਜ਼ ਮੌਜ਼ੂਦ ਨਹੀਂ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਕਿਉਂਕਿ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੋਣ ਕਰਕੇ ਇੱਥੇ ਓਪੀਡੀ ਵਿੱਚ ਮਰੀਜਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੁੰਦੀ ਹੈ ਅੱਜ ਸ਼ਨੀਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਪਰਮਾਤਮਾ ਦਾ ਸ਼ੁਕਰ ਹੈ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ।
ਹਸਪਤਾਲ ’ਚੋਂ 650 ਮਰੀਜ਼ ਸੜਕ ’ਤੇ ਲਿਆਂਦੇ: ਇਹ ਘਟਨਾ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਹੈ। ਸ਼ਨੀਵਾਰ ਹੋਣ ਕਾਰਨ ਓਪੀਡੀ ਵਿੱਚ ਕੋਈ ਮਰੀਜ਼ ਨਹੀਂ ਸੀ ਪਰ ਹਸਪਤਾਲ ਦੇ ਵਾਰਡਾਂ ਵਿੱਚ 650 ਦੇ ਕਰੀਬ ਮਰੀਜ਼ ਦਾਖ਼ਲ ਹਨ। ਮਿਲੀ ਜਾਣਕਾਰੀ ਅਨੁਸਾਰ ਓਪੀਡੀ ਦੇ ਪਿਛਲੇ ਪਾਸੇ ਨੇੜੇ ਦੋ ਟਰਾਂਸਫਾਰਮਰ ਸਨ ਜਿੰਨ੍ਹਾਂ ਰਾਹੀਂ ਸਾਰੇ ਹਸਪਤਾਲ ਨੂੰ ਬਿਜਲੀ ਸਪਲਾਈ ਹੁੰਦੀ ਸੀ। ਦੁਪਹਿਰ ਸਮੇਂ ਇੰਨ੍ਹਾਂ ਟਰਾਂਸਫਾਰਮਰਾਂ ਨੂੰ ਅੱਗ ਲੱਗਣ ਕਾਰਨ ਕਈ ਧਮਾਕੇ ਹੋਏ ਅਤੇ ਜਿਸਦੇ ਚੱਲਦੇ ਆਲੇ ਦੁਆਲੇ ਹੜਕੰਪ ਮੱਚ ਗਿਆ। ਇਸਦੇ ਚੱਲਦੇ 650 ਮਰੀਜ਼ਾਂ ਨੂੰ ਸੁਰੱਖਿਆ ਦੇ ਚੱਲਦੇ ਹਸਪਤਾਲ ਤੋਂ ਬਾਹਰ ਸੜਕ ਉੱਪਰ ਲਿਆਂਦਾ ਗਿਆ।
ਅੱਗ ਲੱਗਣ ਕਾਰਨ ਪੂਰੇ ਹਸਪਤਾਲ ਵਿੱਚ ਧੂੰਆਂ ਫੈਲ ਗਿਆ ਜਿਸ ਕਾਰਨ ਇਲਾਜ ਲਈ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਦਮ ਘੁੱਟਣ ਲੱਗਾ। ਇਸ ਮਸਲੇ ਨੂੰ ਲੈਕੇ ਸਾਰੇ ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਸੜਕ 'ਤੇ ਲਿਆਂਦਾ ਗਿਆ।
ਹਸਪਤਾਲ ਪ੍ਰਸ਼ਾਸਨ ਵੱਲੋਂ ਜਲਦੀ ਹੀ ਵਾਰਡ ਦੇ ਅੰਦਰੋਂ ਮਰੀਜਾਂ ਨੂੰ ਸਮੇਂ ਸਿਰ ਬਾਹਰ ਕੱਢ ਦਿੱਤਾ ਗਿਆ ਜਿਸ ਕਰਕੇ ਕਿਸੇ ਵੀ ਤਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 8 ਦੇ ਕਰੀਬ ਦਮਕਲ ਵਿਭਾਗ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ ਜਿਸਦੇ ਚੱਲਦੇ ਅੱਗ ’ਤੇ ਕਾਬੂ ਪਾਇਆ ਗਿਆ। ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਥਿਤੀ ਫਿਲਹਾਲ ਕਾਬੂ ਵਿਚ ਨਜ਼ਰ ਆ ਰਹੀ ਹੈ। ਫਾਇਰ ਵਿਭਾਗ ਦੇ ਅਫਸਰ ਲਵਪ੍ਰੀਤ ਸਿੰਘ ਨੇ ਦੱਸਿਆ, " ਪਹਿਲਾਂ ਵਿੱਚ ਟਰਾਂਸਫਾਰਮਰ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।"
ਘਟਨਾ ’ਤੇ ਸੀਐਮ ਮਾਨ ਦੀ ਪ੍ਰਤੀਕਿਰਿਆ:ਇਸ ਘਟਨਾ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਜਿੱਥੇ ਇਸ ਵਾਪਰੀ ਘਟਨਾ ਉੱਪਰ ਦੁੱਖ ਜ਼ਾਹਿਰ ਕੀਤਾ ਹੈ ਉੱਥੇ ਹੀ ਦੱਸਿਆ ਹੈ ਕਿ ਫਾਇਰ ਫਾਈਟਰਸ ਮੁਸਤੈਦੀ ਨਾਲ ਹਲਾਤਾਂ 'ਤੇ ਕਾਬੂ ਪਾ ਰਹੇ ਹਨ। ਮਾਨ ਨੇ ਕਿਹਾ ਕਿ ਪਰਮਾਤਮਾ ਦੀ ਮਿਹਰ ਸਦਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਮੰਤਰੀ ਹਰਭਜਨ ਸਿੰਘ ਘਟਨਾ ਦੀ ਜਗ੍ਹਾ 'ਤੇ ਪਹੁੰਚ ਚੁੱਕੇ ਹਨ। ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਉਹ ਖੁਦ ਲਗਾਤਾਰ ਰਾਹਤ ਕੰਮਾਂ 'ਤੇ ਨਜ਼ਰ ਰੱਖ ਰਹੇ ਹਨ।
ਬਿਜਲੀ ਮੰਤਰੀ ਨੇ ਘਟਨਾ ਦਾ ਜਾਇਜ਼ਾ ਲਿਆ:ਗੁਰੂ ਨਾਨਕ ਹਸਪਤਾਲ ਵਿੱਚ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਲੀਕ ਹੋਏ ਤੇਲ ਕਾਰਨ ਲੱਗੀ ਭਿਆਨਕ ਅੱਗ ਦੀ ਖ਼ਬਰ ਸੁਣਦੇ ਹੀ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਮੌਕੇ ਉੱਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਜਿੱਥੇ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਦਾ ਹਾਲ-ਚਾਲ ਪੁੱਛਿਆ ਤੇ ਅੱਗ ਬੁਝਾਉਣ ਵਿੱਚ ਲੱਗੇ ਅੱਗ ਬੁਝਾਊ ਦਸਤੇ ਦੀ ਹੌਸਲਾ ਅਫਜਾਈ ਕੀਤੀ। ਉਥੇ ਹੀ ਅੱਗ ਲੱਗਣ ਦੇ ਕਾਰਨਾਂ ਦੀ ਤਹਿ ਤੱਕ ਜਾਣ ਦੀ ਹਦਾਇਤ ਵੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ। ਦੱਸਣਯੋਗ ਹੈ ਕਿ ਅੱਗ ਨੇ ਭਾਵੇਂ ਗਰਮੀ ਕਾਰਨ ਬਹੁਤ ਛੇਤੀ ਇਮਾਰਤ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ, ਪਰ ਪ੍ਰਬੰਧਕੀ ਅਮਲੇ ਵੱਲੋਂ ਵਿਖਾਈ ਗਈ ਫੁਰਤੀ ਕਾਰਨ ਸਾਰੇ ਲੋਕਾਂ ਨੂੰ ਸੁਰੱਖਿਅਤ ਇਮਾਰਤ ਵਿੱਚੋਂ ਕੱਢ ਲਿਆ ਗਿਆ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਘਟਨਾ ਦੀ ਜਾਂਚ ਦੇ ਦਿੱਤੇ ਆਦੇਸ਼: ਘਟਨਾ ਸਥਾਨ ਉਤੇ ਪੁੱਜੇ ਕੈਬਨਿਟ ਮੰਤਰੀ ਈ ਟੀ ਓ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਬਖਸ਼ੇ ਨਹੀਂ ਜਾਣਗੇ। ਉਨਾਂ ਕਿਹਾ ਕਿ ਭਾਵੇਂ ਮੋਟੇ ਤੌਰ ਉੱਤੇ ਇਹ ਅੱਗ ਬਿਜਲੀ ਦੇ ਪੁਰਾਣੇ ਟਰਾਂਸਫਾਰਮ ਤੋਂ ਲੀਕ ਹੋਏ ਤੇਲ ਨਾਲ ਲੱਗੀ ਪ੍ਰਤੀਤ ਹੁੰਦੀ ਹੈ, ਪਰ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਜਿੱਥੇ ਹਜ਼ਾਰਾਂ ਲੋਕਾਂ ਦਾ ਰੋਜ਼ਾਨਾ ਇਲਾਜ ਕਰਦਾ ਹੈ, ਉਥੇ ਇਸ ਮੈਡੀਕਲ ਕਾਲਜ ਵਿਚ ਸਾਡੇ ਭਵਿੱਖ ਦੇ ਡਾਕਟਰ ਪੜਾਈ ਕਰ ਰਹੇ ਹਨ। ਸੋ ਕਿਸੇ ਵੀ ਹਾਲਤ ਵਿਚ ਹਸਪਤਾਲ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਨਹੀਂ ਪਾਇਆ ਜਾ ਸਕਦਾ।
ਬਿਜਲੀ ਸਪਲਾਈ ਜਲਦ ਚਾਲੂ ਕਰਨ ਦੀ ਹਦਾਇਤ:ਉਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅੱਗ ਬੁਝਣ ਤੋਂ ਬਾਅਦ ਹਸਪਤਾਲ ਦੀ ਬਿਜਲੀ ਸਪਲਾਈ ਆਮ ਵਾਂਗ ਚਾਲੂ ਕਰਨ ਦੀ ਹਦਾਇਤ ਵੀ ਕੀਤੀ। ਅਧਿਕਾਰੀਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਕੈਬਨਿਟ ਮੰਤਰੀ ਨੇ ਕਿਹਾ ਕਿ ਹਸਪਤਾਲ ਦੀ ਬਿਜਲੀ ਲੋੜ ਪੂਰੀ ਕਰਨ ਲਈ ਛੇਤੀ ਹੀ ਇੱਥੇ ‘ਕੰਪੈਕਸ ਸਬ ਸਟੇਸ਼ਨ’ ਲਗਾਇਆ ਜਾਵੇ। ਇਸ ਮੌਕੇ ਤੇ ਹਲਕੇ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਮਜੂਦ ਸਨ ਉਨ੍ਹਾਂ ਕਿਹਾ ਕਿ ਅੰਦਰ ਕਾਫੀ ਰਿਕਾਰਡ ਸੀ ਜੋ ਅੱਗ ਵਿੱਚ ਸੜ ਕੇ ਸਵਾਹ ਹੋ ਗਿਆ ਰਿਕਾਰਡ ਕਿਸ ਤਰਾਂ ਦਾ ਸੀ ਇਸਦਾ ਵੀ ਪਤਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ:ਹਸਪਤਾਲ ’ਚ ਅੱਗ ਲੱਗਣ ਕਾਰਨ ਹੋਏ ਕਈ ਧਮਾਕੇ, ਮੱਚਿਆ ਹੜਕੰਪ