ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਸਾਨੂੰ ਹਰਿਆਵਲ ਹੀ ਨਜ਼ਰ ਆਉਂਦੀ ਹੈ। ਦੱਸ ਦਈਏ ਕਿ ਇੱਥੇ ਸ਼ਰਧਾਲੂਆਂ ਵੱਲੋਂ ਸੁੰਦਰ ਫੁੱਲਾਂ ਦੇ ਬੂਟੇ ਲਗਾਉਣ ਦੀ ਸੇਵਾ ਕੀਤੀ ਜਾਂਦੀ ਹੈ। ਅੱਜ ਅਸੀਂ ਤਹਾਨੂੰ ਉਨ੍ਹਾਂ ਦੇ ਨਾਲ ਮਿਲਾਉਂਦੇ ਹਾਂ, ਜੋ ਜਲੰਧਰ ਤੋਂ ਆਏ ਹਨ ਅਤੇ ਇਸ ਬਾਗਬਾਨੀ ਅਤੇ ਹਰਿਆਵਲ ਪਿੱਛੇ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੂਟਿਆਂ ਦੀ ਕਿਵੇਂ ਸਾਂਭ ਸੰਭਾਲ ਕਰਨੀ ਹੈ, ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ।
ਗੁਰੂ-ਘਰ ਦੀ ਖੂਬਸੂਰਤੀ ਦੇ ਨਾਲ-ਨਾਲ ਵਾਤਾਵਰਨ ਹੁੰਦਾ ਸ਼ੁੱਧ: ਜਲੰਧਰ ਤੋਂ ਅੰਮ੍ਰਿਤਸਰ ਬੂਟਿਆਂ ਦੀ ਸੇਵਾ ਕਰਨ ਆਉਣ ਵਾਲੇ ਗੁਰਸਿੱਖ ਸਤਬੀਰ ਸਿੰਘ ਨੇ ਕਿਹਾ ਕਿ ਇਹ ਵਾਹਿਗੁਰੂ ਨੇ ਮੇਰੀ ਸੇਵਾ ਲਾਈ ਹੈ ਤੇ ਉਸ ਦੇ ਹੁਕਮ ਦੇ ਨਾਲ ਹੀ ਮੈ ਸੇਵਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਹੀ ਤਰੀਕੇ ਨਾਲ ਬੂਟਿਆਂ ਦੀ ਸੇਵਾ ਕਰਾਂਗੇ, ਤਾਂ ਇਨ੍ਹਾਂ ਬੂਟਿਆਂ ਨੂੰ ਵਧ ਤੋਂ ਵਧ ਫੁੱਲ ਲੱਗਣਗੇ ਤੇ ਇਹ ਹਰਿਆਵਲ ਦੇਣਗੇ। ਉਨ੍ਹਾਂ ਕਿਹਾ ਜੇਕਰ ਅਸੀ ਗਮਲਿਆਂ ਵਿੱਚ ਲੱਗੇ ਬੂਟੀਆਂ ਵਿੱਚ ਜ਼ਿਆਦਾ ਪਾਣੀ ਪਾਵਾਂਗੇ ਤੇ ਬੂਟੇ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੋ ਗਮਲਿਆਂ ਵਿੱਚ ਬੂਟੇ ਲੱਗੇ ਹੁੰਦੇ ਹਨ, ਉਹ ਪਾਣੀ ਥੋੜਾ ਮੰਗਦੇ ਹਨ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਗਮਲਿਆਂ ਵਿੱਚ ਲੱਗੇ ਬੂਟਿਆਂ ਨੂੰ ਬਹੁਤ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਘਰ ਕੰਡਿਆਂ ਵਾਲੀ ਬੇਰੀਆ ਨਾ ਲਗਾਓ, ਸਗੋਂ ਫੁੱਲਾਂ ਵਾਲੇ ਬੂਟੇ ਲਗਾਓ, ਤਾਂ ਜੋ ਗੁਰੂ-ਘਰ ਦੀ ਖੂਬਸੂਰਤੀ ਬਰਕਰਾਰ ਰਹੇ। ਉਨ੍ਹਾਂ ਕਿਹਾ ਕਿ ਦੂਰੋਂ ਦੂਰੋਂ ਸੰਗਤ ਇੱਥੇ ਨਤਮਸਤਕ ਹੋਣ ਲਈ ਆਉਂਦੀਆਂ ਹਨ, ਜਦੋਂ ਹਰਿਆਵਲ ਵੱਲ ਵੇਖਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਨੂੰ ਇਹ ਬੜੀ ਸੋਹਣੀ ਲੱਗਦੀ ਹੈ। ਇਨ੍ਹਾਂ ਦੇ ਨਾਲ ਦਿਮਾਗ ਵੀ ਤਰੋ-ਤਾਜ਼ਾ ਹੋ ਜਾਂਦਾ ਹੈ।