ਅੰਮ੍ਰਿਤਸਰ: ਭਾਰਤ ਤੋਂ ਪਾਕਿਸਤਾਨ ਵਿਸਾਖੀ ਮਨਾਉਣ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਭਾਰਤ ਤੋਂ ਹਰ ਸਾਲ ਚਾਰ ਜਥੇ ਪਾਕਿਸਤਾਨ ਜਾਂਦੇ ਹਨ। ਜਿਨ੍ਹਾਂ ਵਿਚੋਂ ਇੱਕ ਜਥਾ ਵਿਸਾਖੀ ਮੌਕੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗਲਤ ਬਿਆਨਬਾਜ਼ੀ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਜਥੇ ਨੂੰ ਪ੍ਰਵਾਨਗੀ ਦਿੱਤੀ ਗਈ, ਜਦਕਿ ਸੰਧੀ ਅਨੁਸਾਰ ਹਰ ਸਾਲ ਚਾਰ ਜਥੇ ਪਾਕਿਸਤਾਨ ਜਾਂਦੇ ਹੀ ਹਨ, ਜਿਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾਉਣ ਲਈ ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜਣ ਲਈ ਉਨ੍ਹਾਂ ਵੱਲੋਂ ਪ੍ਰਵਾਨਗੀ ਮੰਗੀ, ਜਿਸ ਨੂੰ ਕੋਰੋਨਾ ਅਤੇ ਸੁਰੱਖਿਆ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਹੁਣ ਸ਼ਰਧਾਲੂ ਪਾਕਿਸਤਾਨ ਜਾ ਸਕਦੇ ਹਨ ਤਾਂ ਉਸ ਸਮੇਂ ਸਰਕਾਰ ਵਲੋਂ ਕਿਉਂ ਜਥੇ ਨੂੰ ਪਾਕਿਸਤਾਨ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ।