ਅੰਮ੍ਰਿਤਸਰ:ਕਰੀਬ 6 ਮਹੀਨੇ ਤੋਂ ਪੰਜਾਬ ਭਰ ਵਿੱਚੋਂ ਦਿੱਲੀ ਨੂੰ ਖੇਤੀ ਬਿੱਲਾਂ ਦੇ ਵਿਰੋਧ ਤਹਿਤ ਸੰਘਰਸ਼ ਲਈ ਰਵਾਨਾ ਹੋਏ ਕਿਸਾਨਾਂ ਦੇ ਜੱਥੇ ਲਗਾਤਾਰ ਪੰਜਾਬ ਭਰ ਤੋਂ ਸਮੇਂ ਸਮੇਂ ਤੇ ਰਵਾਨਾ ਹੋ ਰਹੇ ਹਨ ਅਤੇ ਇਸੇ ਤਹਿਤ ਹੁਣ ਮੁੜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਜਥੇ ਦਿੱਲੀ ਨੂੰ ਰਵਾਨਾ ਕਰਨ ਦੀ ਗੱਲ ਕਹੀ ਗਈ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ 4 ਜੋਨਾਂ ਰਾਮ ਤੀਰਥ, ਚੋਗਾਵਾਂ, ਬਾਉਲੀ ਸਾਹਿਬ ਤੇ ਬਾਬਾ ਸੋਹਣ ਸਿੰਘ ਭਕਨਾ ਦੀ ਹੰਗਾਮੀ ਮੀਟਿੰਗ ਚਵਿੰਡਾ ਦੇ ਗੁਰਦਵਾਰਾ ਸਾਹਿਬ ਵਿਖੇ ਹੋਈ।ਇਸ ਮੌਕੇ ਮੀਟਿੰਗ ਚ ਪੁੱਜੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨ ਦੇਸ਼ ਦੇ ਖੇਤੀ ਸੈਕਟਰ ਉੱਤੇ ਸਿੱਧਾ ਹਮਲਾ ਹਨ, ਜੋ ਖੇਤੀ ਮੰਡੀ ਸਮੇਤ ਹੋਰ ਜਨਤਕ ਅਦਾਰਿਆਂ ਨੂੰ ਤਬਾਹ ਕਰ ਦੇਣਗੇ।ਇਸ ਲਈ ਇਹ ਅੰਦੋਲਨ ਕਾਲੇ ਕਾਨੂੰਨਾਂ ਦੇ ਰੱਦ ਕਰਾਉਣ ਤੱਕ ਜਾਰੀ ਰਹੇਗਾ।